ਨਵੀਂ ਦਿੱਲੀ: ਭਾਰਤ ਤੇ ਆਸਟ੍ਰੇਲੀਆ ‘ਚ 26 ਦਸੰਬਰ ਨੂੰ ਮੈਲਬਰਨ ‘ਚ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਪਹਿਲਾ ਟੈਸਟ ਮੈਚ ਭਾਰਤ ਨੇ ਤੇ ਦੂਜਾ ਆਸਟ੍ਰੇਲੀਆ ਨੇ ਜਿੱਤਿਆ। ਇਸ ਤੋਂ ਬਾਅਦ ਅੱਜ ਦਾ ਮੈਚ ਕਾਫੀ ਅਹਿਮ ਹੈ। ਇਸ ਮੈਚ ‘ਚ ਦੋਵਾਂ ਦੇਸ਼ਾਂ ਨੇ ਟੀਮਾਂ ‘ਚ ਕੁਝ ਬਦਲਾਅ ਕੀਤੇ ਹਨ। ਭਾਰਤ ਨੇ ਟੀਮ ‘ਚ ਜਿੱਥੇ ਹਾਰਦਿਕ ਪਾਂਡਿਆ ਤੇ ਮਿਅੰਕ ਅਗਰਵਾਲ ਨੂੰ ਥਾਂ ਦਿੱਤੀ ਹੈ, ਉੱਥੇ ਹੀ ਆਸਟ੍ਰੇਲੀਆ ਨੇ ਟੀਮ ‘ਚ 7 ਸਾਲਾ ਲੈੱਗ ਸਪਿਨਰ ਆਰਚੀ ਨੂੰ ਸ਼ਾਮਲ ਕੀਤਾ ਹੈ। ਇਸ ਦਾ ਖ਼ੁਲਾਸਾ ਖੁਦ ਟੀਮ ਨੇ ਕੀਤਾ ਹੈ।


ਅੱਜ ਦੇ ਮੈਚ ‘ਚ ਆਸਟ੍ਰੇਲੀਆ ਦੀ ਟੀਮ ‘ਚ 7 ਸਾਲਾ ਆਰਚੀ ਸਿਲਰ ਵੀ ਸ਼ਾਮਲ ਹੈ। ਸਿਰਫ ਇਹੀ ਨਹੀਂ ਉਹ ਟੀਮ ਦਾ ਉਪ ਕਪਤਾਨ ਵੀ ਹੈ। ਇਸ ਦਾ ਐਲਾਨ ਆਸਟ੍ਰੇਲੀਆ ਦੀ ਟੀਮ ਦੇ ਕਪਤਾਨ ਟਿਮ ਪੇਨ ਨੇ ਖੁਦ ਸ਼ਨੀਵਾਰ ਨੂੰ ਕੀਤਾ। ਜਦਕਿ ਆਰਚੀ ਨੂੰ ਇਸ ਦੀ ਜਾਣਕਾਰੀ ਪਿਛਲੇ ਮਹੀਨੇ ਹੀ ਦੇ ਦਿੱਤੀ ਗਈ ਸੀ। ਆਰਚੀ ਨੇ ਟੀਮ ਨਾਲ ਐਡੀਲੇਡ ਮੈਚ ਤੋਂ ਪਹਿਲਾਂ ਪ੍ਰੈਕਟਿਸ ਵੀ ਕੀਤੀ ਸੀ।


ਅਸਲ ‘ਚ ਆਰਚੀ ਗੰਭੀਰ ਬਿਮਾਰੀ ਨਾਲ ਲੜ ਰਿਹਾ ਹੈ ਤੇ ਉਸ ਦੀ ਟੀਮ ‘ਚ ਸ਼ਾਮਲ ਹੋਣ ਦੀ ਇੱਛਾ ‘ਮੇਕ ਅ ਵਿੱਸ਼ ਆਸਟ੍ਰੇਲੀਆ’ ਨਾਂ ਦੇ ਅਭਿਆਨ ਤਹਿਤ ਪੂਰੀ ਹੋਈ ਹੈ। ਆਰਚੀ ਦੇ ਪਿਓ ਨੇ ਉਸ ਨੂੰ ਪੁੱਛਿਆ ਸੀ ਕਿ ਉਹ ਕੀ ਕਰਨਾ ਚਾਹੁੰਦਾ ਹੈ ਤਾਂ ਉਸ ਨੇ ਕਿਹਾ ਸੀ ਕਿ ਉਹ ਆਸਟ੍ਰੇਲਿਆਈ ਕ੍ਰਿਕਟ ਟੀਮ ਦਾ ਕਪਤਾਨ ਬਣਨਾ ਚਾਹੁੰਦਾ ਹੈ।


ਇਸ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਮੌਕੇ ਦਾ ਇੰਤਜ਼ਾਰ ਕੀਤਾ ਤੇ ਉਨ੍ਹਾਂ ਨੇ ਆਰਚੀ ਨਾਲ ਮੈਲਬਰਨ ‘ਚ ਕੁਝ ਸਮਾਂ ਬਿਤਾਇਆ। ਬਾਕਸਿੰਗ ਡੇਅ ਮੌਕੇ ਆਰਚੀ ਨੂੰ ਉਸ ਦਾ ਕ੍ਰਿਸਮਸ ਗਿਫਟ ਮਿਲਿਆ। ਆਰਚੀ ਦੇ ਡੈਬਿਊ ਦਾ ਉਸ ਦੇ ਪਰਿਵਾਰ ਨਾਲ ਦਰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਰਹੇਗਾ।