ਪੈਰਿਸ: ਫ਼ਰਾਂਸ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੇ ਲਹਿਰ ਤੇ ਕਾਬੂ ਪਾਉਣ ਲਈ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਮੈਕਰੋਨ ਇਮੈਨੁਅਲ ਨੇ ਇਹ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਦੂਜੀ ਵਾਰ ਲੌਕਡਾਊਨ ਲੱਗ ਰਿਹਾ ਹੈ। ਇਹ ਲੌਕਡਾਊਨ ਹੁਣ 1 ਦਸੰਬਰ ਤੱਕ ਜਾਰੀ ਰਹੇਗਾ। ਰਾਸ਼ਟਰਪਤੀ ਇਮੈਨੁਅਲ ਦੇ ਇਸ ਐਲਾਨ ਤੋਂ ਬਾਅਦ ਪੈਰਿਸ ਦੀਆਂ ਸੜਕਾਂ ਤੇ ਨੇੜਲੇ ਇਲਾਕਿਆਂ 'ਚ ਟ੍ਰੈਫਿਕ ਜਾਮ ਲੱਗ ਗਿਆ।
ਦਰਅਸਲ, ਰਾਸ਼ਟਰਪਤੀ ਦੇ ਬਿਆਨ ਤੋਂ ਘਬਰਾਏ ਲੋਕ ਜ਼ਰੂਰੀ ਵਸਤਾਂ ਦੀ ਖਰੀਦ ਲਈ ਵੱਡੇ ਗਿਣਤੀ ਵਿੱਚ ਘਰਾਂ ਤੋਂ ਬਾਹਰ ਆ ਗਏ। ਰਿਪੋਰਟਾਂ ਮੁਤਾਬਿਕ ਇਹ ਜਾਮ 700 ਕਿਲੋਮੀਟਰ ਲੰਬਾ ਸੀ। ਫ਼ਰਾਂਸ ਵਿੱਚ ਸੱਤ ਮਹੀਨਿਆਂ ਵਿੱਚ ਦੂਜੀ ਵਾਰ ਲੌਕਡਾਊਨ ਲੱਗਾ ਹੈ। ਇਸ ਸਮੇਂ ਦੌਰਾਨ ਲੋਕਾਂ ਦੀ ਆਵਾਜਾਈ 'ਤੇ ਸਖ਼ਤ ਪਾਬੰਦੀਆਂ ਰਹਿਣਗੀਆਂ।
ਹਾਲਾਂਕਿ ਲੋਕ ਸਿਰਫ ਜ਼ਰੂਰੀ ਕੰਮ, ਸਿਹਤ ਐਮਰਜੈਂਸੀ, ਜ਼ਰੂਰੀ ਪਰਿਵਾਰ ਦੀਆਂ ਜ਼ਰੂਰਤਾਂ ਜਾਂ ਘਰ ਦੇ ਨੇੜੇ ਕਸਰਤ ਲਈ ਬਾਹਰ ਜਾ ਸਕਦੇ ਹਨ। ਸਕੂਲ ਤੇ ਜ਼ਿਆਦਾਤਰ ਕਾਰੋਬਾਰ ਦੂਜੇ ਗੇੜ ਦੇ ਲੌਕਡਾਊਨ ਵਿੱਚ ਖੁੱਲ੍ਹੇ ਰਹਿਣਗੇ। ਜਦੋਂਕਿ ਬਾਰ, ਰੈਸਟੋਰੈਂਟ ਅਤੇ ਸਿਨੇਮਾਘਰ ਬੰਦ ਰਹਿਣਗੇ, ਨਾਲ ਹੀ ਆਮ ਜ਼ਿੰਦਗੀ 'ਤੇ ਕਈ ਪਾਬੰਦੀਆਂ ਹੋਣਗੀਆਂ।
ਲੌਕਡਾਊਨ ਦੇ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 14 ਲੱਖ 12 ਹਜ਼ਾਰ ਤੋਂ ਵੱਧ ਹੋ ਗਈ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਫਰਾਂਸ ਵਿੱਚ 35 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਵਾਇਰਸ ਨਾਲ ਹੋਈਆਂ 223 ਨਵੀਂਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਕੁੱਲ੍ਹ ਮਰਨ ਵਾਲਿਆਂ ਦੀ ਗਿਣਤੀ 36 ਹਜ਼ਾਰ ਤੋਂ ਪਾਰ ਹੋ ਗਈ ਹੈ। ਸਰਕਾਰ ਨੂੰ ਉਮੀਦ ਹੈ ਕਿ ਲੌਕਡਾਊਨ ਦੇ ਇੱਕ ਮਹੀਨੇ ਵਿੱਚ, ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ 5 ਹਜ਼ਾਰ ਹੋ ਜਾਏਗੀ।