ਨਵੀਂ ਦਿੱਲੀ: ਯੂਨਾਈਟਿਡ ਨੇਸ਼ਨਜ਼ ਦੀ ਰਿਫ਼ਿਊਜੀ ਏਜੰਸੀ ਦੀ ਰਿਪੋਰਟ ਮੁਤਾਬਕ ਸਾਲ 2017 ਦੌਰਾਨ ਅਮਰੀਕਾ ਵਿੱਚ ਸ਼ਰਣ ਦੇਣ ਲਈ ਦੁਨੀਆ 'ਚ ਸਭ ਤੋਂ ਵੱਧ ਬਿਨੈਪੱਤਰ ਮਿਲੇ। ਇਨ੍ਹਾਂ ਵਿੱਚੋਂ ਇਕੱਲੇ 7,000 ਭਾਰਤੀ ਹੀ ਸਨ। ਸਾਲ 2013 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸੀਰੀਆ ਤੋਂ ਸ਼ਰਣ ਲਈ ਬਿਨੈਕਾਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ।   ਯੂ.ਐਨ. ਦੀ ਰਿਫ਼ਿਊਜੀ ਏਜੰਸੀ ਦੀ ਸਾਲਾਨਾ ਆਲਮੀ ਰੁਝਾਨ ਦੀ ਰਿਪੋਰਟ ਮੁਤਾਬਕ 2017 ਦੇ ਅਖ਼ੀਰ ਤਕ ਪੂਰੀ ਦੁਨੀਆ ਵਿੱਚ 68.5 ਮਿਲੀਅਨ ਲੋਕਾਂ ਨੇ ਆਪਣਾ ਟਿਕਾਣਾ ਪੱਟਿਆ। ਅੰਕੜਿਆਂ ਦੀ ਪੜਚੋਲ ਕਰਨ 'ਤੇ ਪਤਾ ਲੱਗਾ ਹੈ ਕਿ 44,500 ਲੋਕ ਰੋਜ਼ਾਨਾ ਤੇ ਹਰ ਦੋ ਸੈਕੰਡ ਵਿੱਚ ਇੱਕ ਵਿਅਕਤੀ ਨਵਾਂ ਟਿਕਾਣੇ ਦੀ ਭਾਲ ਵਿੱਚ ਤੁਰਿਆ। ਰਿਪੋਰਟ ਮੁਤਾਬਕ ਜੰਗ, ਹਿੰਸਾ ਤੇ ਕਿਸੇ ਵੀ ਤਰ੍ਹਾਂ ਦੇ ਤਸ਼ੱਦਦ ਕਾਰਨ ਲੋਕ ਇੱਕ ਥਾਂ ਤੋਂ ਦੂਜੀ ਥਾਂ ਵੱਲ ਜਾਣ ਲਈ ਮਜਬੂਰ ਹੋ ਗਏ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਵਰਤਾਰੇ ਦੀ ਸਭ ਤੋਂ ਵੱਧ ਮਾਰ ਝੱਲੀ। ਸਾਲ 2017 ਦੌਰਾਨ ਅਮਰੀਕਾ ਦੇ ਸੈਲਵੈਡ੍ਰੌਨਜ਼ ਵਿੱਚ ਕੁੱਲ 49,500 ਲੋਕਾਂ ਨੇ ਸ਼ਰਣ ਮੰਗੀ ਜੋ ਇਸ ਤੋਂ ਪਿਛਲੇ ਸਾਲ ਦੀ ਗਿਣਤੀ 33,600 ਨਾਲੋਂ ਕਿਤੇ ਵੱਧ ਸੀ। ਸਾਲ 2017 'ਚ ਅਮਰੀਕਾ ਵਿੱਚ ਸ਼ਰਣ ਲਈ 168 ਦੇਸ਼ਾਂ ਤੋਂ ਬਿਨੈ ਪੱਤਰ ਆਏ। ਇਸੇ ਸਾਲ 7,000 ਭਾਰਤੀਆਂ ਨੇ ਵੀ ਅਮਰੀਕਾ ਵਿੱਚ ਸ਼ਰਣ ਮੰਗੀ। ਸਾਲ ਦੇ ਅੰਤ ਤਕ ਭਾਰਤ ਤੋਂ ਕੁੱਲ 197,146 ਰਿਫ਼ਿਊਜੀ ਤੇ 10,519 ਸ਼ਰਣਾਰਥੀਆਂ ਦੇ ਮਾਮਲਿਆਂ 'ਤੇ ਫੈਸਲਾ ਹੋਣਾ ਬਾਕੀ ਸੀ। ਪਿਛਲੇ ਸਾਲ ਦੇ ਅੰਤ ਤਕ ਅਮਰੀਕਾ ਵਿੱਚ ਸ਼ਰਣ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ 40,391 ਹੋ ਗਈ। ਰਿਪੋਰਟ ਮੁਤਾਬਕ ਸਾਲ 2017 ਵਿੱਚ ਅਫ਼ਗਾਨਿਸਤਾਨ ਮੂਲ ਦੇ ਲੋਕਾਂ ਨੇ ਸਭ ਵੱਡੀ ਗਿਣਤੀ (124,900) ਵਿੱਚ ਤਕਰੀਬਨ 80 ਦੇਸ਼ਾਂ ਵਿੱਚ ਸ਼ਰਣ ਮੰਗੀ ਪਰ ਸਭ ਤੋਂ ਵੱਧ ਰਿਫ਼ਿਊਜੀਆਂ ਨੂੰ ਬੰਗਲਾਦੇਸ਼ ਨੇ ਸਾਂਭਿਆ। ਮੀਆਂਮਾਰ ਤੋਂ 9,32,200 ਰਿਫ਼ਿਊਜੀਆਂ ਨੇ ਬੰਗਲਾਦੇਸ਼ ਵਿੱਚ ਓਟ ਲਈ ਤੇ ਮੀਆਂਮਾਰ ਦੀ ਆਬਾਦੀ ਦੇ ਬਰਾਬਰ ਦੀ ਆਬਾਦੀ ਵਾਲੇ ਮੁਲਕਾਂ, ਥਾਈਲੈਂਡ (10,00,000), ਮਲੇਸ਼ੀਆ (98,000) ਤੇ ਭਾਰਤ (18,100) ਵਿੱਚ ਵੀ ਰਿਫ਼ਿਊਜੀਆਂ ਨੇ ਦਾਖਲਾ ਲਿਆ।