ਵਾਸ਼ਿੰਗਟਨ: ਅਮਰੀਕਾ ਵਿੱਚੋਂ ਗੈਰਕਾਨੂੰਨੀ ਪਰਵਾਸੀਆਂ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਇਨ੍ਹਾਂ ਕੈਦੀਆਂ ਵਿੱਚ ਬਹੁਤੇ ਸਿੱਖ ਹੀ ਹਨ। ਉਹ ਜੇਲ੍ਹਾਂ ਵਿੱਚ ਰੁਲ ਰਹੇ ਹਨ ਤੇ ਉਨ੍ਹਾਂ ਨੂੰ 22 ਘੰਟੇ ਸੈੱਲਾਂ ਵਿੱਚ ਬੰਦ ਰੱਖਿਆ ਜਾਂਦਾ ਹੈ। ਜੇਲ੍ਹ ਵਿੱਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਆਪਣੇ ਦਰਦ ਉਨ੍ਹਾਂ ਨੇ ਕਾਂਗਰਸ ਦੀ ਮੈਂਬਰ ਸੁਜ਼ਾਨੇ ਬੋਨਾਮੀਕੀ ਨੂੰ ਦੱਸਿਆ।   ਦਰਅਸਲ ਅਮਰੀਕਾ ਦੇ ਰਾਜ ਓਰੇਗੋਨ ਦੀ ਜੇਲ੍ਹ ਵਿੱਚ ਬਹੁਤ ਸਾਰੇ ਗੈਰਕਾਨੂੰਨੀ ਸ਼ਰਨਾਰਥੀ ਕੈਦ ਹਨ। ਇਨ੍ਹਾਂ ਵਿੱਚੋਂ 52 ਭਾਰਤੀ ਹਨ ਤੇ ਇਨ੍ਹਾਂ ਵਿੱਚੋਂ ਵੀ ਬਹੁਤੇ ਸਿੱਖ ਤੇ ਈਸਾਈ ਹਨ। ਇਹ ਅਮਰੀਕਾ ਵਿੱਚ ਸ਼ਰਣ ਮੰਗ ਰਹੇ ਹਨ। ਕੁੱਲ 123 ਗੈਰਕਾਨੂੰਨੀ ਪਰਵਾਸੀਆਂ ਵਿੱਚੋਂ ਬਹੁਤੇ ਭਾਰਤੀਆਂ ਨੂੰ ਸ਼ੇਰੀਡਾਨ ਇਲਾਕੇ ਵਿੱਚੋਂ ਫੜਿਆ ਗਿਆ ਹੈ। ਇਸ ਜੇਲ੍ਹ ਦਾ ਪਿਛਲੇ ਦਿਨੀਂ ਓਰੇਗੋਨ ਦੇ ਡੈਮੋਕਰੇਟਿਕ ਸੰਸਦ ਮੈਂਬਰਾਂ ਨੇ ਦੌਰਾ ਕੀਤਾ ਹੈ। ਦੌਰੇ ਦੌਰਾਨ ਇਨ੍ਹਾਂ ਹਵਾਲਾਤੀਆਂ ਨੇ ਪੰਜਾਬੀ ਦੋਭਾਸ਼ੀਏ ਰਾਹੀਂ ਆਪਣੀ ਦਰਦਨਾਕ ਹਾਲਤ ਬਿਆਨੀ ਤੇ ਦੱਸਿਆ ਕਿ ਉਨ੍ਹਾਂ ਨੂੰ 22 ਘੰਟੇ ਸੈੱਲਾਂ ਵਿੱਚ ਬੰਦ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਕਾਂਗਰਸ ਦੀ ਮੈਂਬਰ ਸੁਜ਼ਾਨੇ ਬੋਨਾਮੀਕੀ ਨੇ ਆਪਣੇ ਬਲੌਗ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੰਜਾਬੀ ਦੋਭਾਸ਼ੀਏ ਰਾਹੀਂ ਪਤਾ ਲੱਗਾ ਹੈ ਕਿ ਇਹ ਅਮਰੀਕਾ ਵਿੱਚ ਸ਼ਰਨ ਲੈਣ ਦੀ ਯੋਜਨਾ ਬਣਾ ਰਹੇ ਸਨ ਕਿਉਂਕਿ ਇਨ੍ਹਾਂ ਨਾਲ ਭਾਰਤ ਵਿੱਚ ਧਾਰਮਿਕ ਮੁਕੱਦਮੇਬਾਜ਼ੀ ਚੱਲਦੀ ਹੈ।