ਕੈਲੀਫ਼ੋਰਨੀਆ: ਉੱਤਰੀ ਕੈਲੀਫ਼ੋਰਨੀਆ ਦੇ ਜੰਗਲਾਂ ਵਿੱਚ ਲੱਗੀ ਖ਼ਤਰਨਾਕ ਅੱਗ ਨੂੰ ਹਾਲੇ ਤਕ ਕਾਬੂ ਨਹੀਂ ਕੀਤਾ ਜਾ ਸਕਿਆ। ਅੱਗ ਕਾਰਨ ਹੁਣ ਤਕ ਮ੍ਰਿਤਕਾਂ ਦੀ ਗਿਣਤੀ 76 ਹੋ ਗਈ ਹੈ ਤੇ 1,300 ਤੋਂ ਵੱਧ ਲੋਕ ਲਾਪਤਾ ਹਨ। ਅੱਗ ਬੁਝਾਊ ਦਸਤੇ ਜੰਗੀ ਪੱਧਰ 'ਤੇ ਇਸ ਭਿਆਨਕ ਅੱਗ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।

ਬੁੱਟੇ ਕਾਊਂਟੀ ਸ਼ੈਰਿਫ਼ ਕੋਰੀ ਹੋਨਿਆ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਅਸਲ ਗਿਣਤੀ ਦਾ ਪਤਾ ਲਾਇਆ ਜਾ ਰਿਹਾ ਹੈ। ਹਜ਼ਾਰਾਂ ਲੋਕਾਂ ਨੂੰ ਬਚਾਏ ਜਾਣ ਦੇ ਬਾਵਜੂਦ ਇਨ੍ਹਾਂ ਦੀ ਗਿਣਤੀ ਵੱਧ ਰਹੀ ਹੈ। ਸ਼ਨੀਵਾਰ ਨੂੰ ਪੰਜ ਹੋਰ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 76 ਤਕ ਪਹੁੰਚ ਗਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਥੇ ਸ਼ਨੀਵਾਰ ਨੂੰ ਦੌਰਾ ਕੀਤਾ। ਉਹ ਦੱਖਣੀ ਕੈਲੀਫ਼ੋਰਨੀਆ ਵੀ ਗਏ ਜਿੱਥੇ ਅੱਗ ਬੁਝਾਊ ਦਸਤਿਆਂ ਨੇ ਸਫ਼ਲਤਾਪੂਰਬਕ ਅੱਗ ਬੁਝਾ ਲਈ ਹੈ। ਉੱਤਰੀ ਕੈਲੀਫ਼ੋਰਨੀਆ ਦੇ ਜੰਗਲਾਂ ਵਿੱਚ ਲੱਗੀ ਇਸ ਅੱਗ ਨੇ 10,000 ਤੋਂ ਵੱਧ ਮਕਾਨ ਤਬਾਹ ਕਰ ਦਿੱਤੇ ਹਨ ਅਤੇ 600 ਵਰਗ ਕਿਲੋਮੀਟਰ ਖੇਤਰ ਦਾ ਨੁਕਸਾਨ ਹੋਇਆ ਹੈ। ਹਾਲੇ ਵੀ ਇੱਥੇ ਸਥਿਤੀ ਹੰਗਾਮੀ ਹੈ।