ਨਿਊਯਾਰਕ: ਅੱਤਵਾਦ ਨੂੰ ਪਨਾਹ ਦੇਣ ਵਾਲੇ ਗੁਆਂਢੀ ਮੁਲਕ ਪਾਕਿਸਤਾਨ ਦੇ ਝੂਠ ਦੀ ਪੋਲ ਇੱਕ ਵਾਰ ਫੇਰ ਖੁੱਲ੍ਹ ਗਈ ਹੈ। ਅੱਤਵਾਦ ‘ਤੇ ਅਮਰੀਕਾ ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਨੇ ਭਾਰਤ ‘ਚ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਭਾਰਤ ਦੁਨੀਆ ਦੇ ਹਰ ਮੰਚ ‘ਤੇ ਕਹਿ ਚੁੱਕਿਆ ਹੈ ਕਿ ਪਾਕਿਸਤਾਨ ‘ਚ ਦਹਿਸ਼ਤਗਰਦ ਗਰੁੱਪਾਂ ਨੂੰ ਪਨਾਹ ਮਿਲੀ ਹੋਈ ਹੈ।


ਅਮਰੀਕੀ ਵਿਦੇਸ਼ ਮੰਤਰਾਲੇ ਨੇ ਅੱਤਵਾਦ ਨੂੰ ਲੈ ਕੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ, ਉਹ ਪਾਕਿਸਤਾਨ ਦੀ ਪੋਲ ਖੋਲ੍ਹ ਰਹੀ ਹੈ। ਰਿਪੋਰਟ ‘ਚ ਸਾਫ਼ ਕਿਹਾ ਗਿਆ ਹੈ ਕਿ ਪਾਕਿਸਤਾਨ ‘ਚ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨਾਂ ‘ਤੇ ਤਾਂ ਪਾਕਿ ਨੇ ਕਾਰਵਾਈ ਕੀਤੀ ਪਰ ਜੋ ਸੰਗਠਨ ਹਿੰਦੁਸਤਾਨ ‘ਤੇ ਹਮਲਾ ਕਰਦੇ ਹਨ, ਉਨ੍ਹਾਂ ‘ਤੇ ਕਾਰਵਾਈ ਨਹੀਂ ਹੋਈ।

ਦੱਸ ਦਈਏ ਕਿ ਆਏ ਦਿਨ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਲਸ਼ਕਰ ਤੇ ਜੈਸ਼ ਜਿਹੇ ਅੱਤਵਾਦੀ ਸੰਗਠਨ ਅੱਜ ਵੀ ਪਾਕਿਸਤਾਨ ‘ਚ ਪਨਪ ਰਹੇ ਹਨ। ਅੱਜ ਵੀ ਪਾਕਿ ‘ਚ ਅੱਤਵਾਦੀ ਸੰਗਠਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਫੰਡਿੰਗ ‘ਤੇ ਰੋਕ ਨਹੀਂ ਲਾਈ ਗਈ।

ਅਮਰੀਕਾ ਦੀ ਰਿਪੋਰਟ ‘ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਕਈ ਹਮਲਿਆਂ ਦੇ ਗੁਨਾਹਗਾਰ ਅੱਤਵਾਦੀ ਸੰਗਠਨ ਹਿਜਬੁਲ ਮੁਜਾਈਦੀਨ ਨੇ ਨੇਪਾਲ ਨੂੰ ਆਪਣਾ ਅੱਡਾ ਬਣਾ ਲਿਆ ਹੈ। ਮੁਜਾਈਦੀਨ ਦੇ ਤਾਰ ਲਸ਼ਕਰ ਤੇ ਜੈਸ਼ ਨਾਲ ਜੁੜੇ ਹਨ। ਨੇਪਾਲ ‘ਚ ਹੋਣ ਕਰਕੇ ਅੱਤਵਾਦੀਆਂ ਦਾ ਭਾਰਤ ‘ਚ ਆਉਣਾ-ਜਾਣਾ ਆਸਾਨ ਹੋ ਗਿਆ ਹੈ।