ਚੰਡੀਗੜ੍ਹ: ਹਾਲ ਹੀ ਵਿੱਚ ਅਮਰੀਕਾ ਵੱਲੋਂ ਖ਼ਤਮ ਕੀਤੇ ਗਏ ਅੱਤਵਾਦੀ ਬਗਦਾਦੀ ਦੀ ਭੈਣ ਨੂੰ ਤੁਰਕੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੁਰਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਸਮੂਹ ਦੇ ਸਰਗਨਾ ਅਬੂ ਬਕਰ ਅਲ-ਬਗਦਾਦੀ ਦੀ ਭੈਣ ਨੂੰ ਉੱਤਰੀ ਸੀਰੀਆ ਤੋਂ ਗ੍ਰਿਫਤਾਰ ਕੀਤਾ ਹੈ। ਯਾਦ ਰਹੇ ਅਮਰੀਕੀ ਫੌਜ ਨੇ ਆਪਣੇ ਵਿਸ਼ੇਸ਼ ਅਭਿਆਨ ਵਿੱਚ ਬਗਦਾਦੀ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਤੁਰਕੀ ਦਾ ਕਹਿਣਾ ਹੈ ਕਿ 65 ਸਾਲਾ ਰਸਮੀਆ ਅਵਧ ਨੂੰ ਸੀਰੀਆ ਦੇ ਸ਼ਹਿਰ ਅਜ਼ਾਜ਼ ਨੇੜੇ ਛਾਪੇ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ।


ਉਨ੍ਹਾਂ ਦਾਅਵਾ ਕੀਤਾ ਕਿ ਅਵਧ ਦੀ ਗ੍ਰਿਫਤਾਰੀ ਨਾਲ ਅੱਤਵਾਦੀ ਸਮੂਹ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ। ਰਾਇਟਰਜ਼ ਅਨੁਸਾਰ, ਇੱਕ ਅਧਿਕਾਰੀ ਨੇ ਦੱਸਿਆ, 'ਸਾਨੂੰ ਉਮੀਦ ਹੈ ਕਿ ਬਗਦਾਦੀ ਦੀ ਭੈਣ ਤੋਂ ਆਈਐਸਆਈਐਸ ਦੀ ਅੰਦਰੂਨੀ ਕੰਮਕਾਜ ਬਾਰੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਜਾਏਗੀ।'


ਤੁਰਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਨੂੰ ਸੋਮਵਾਰ ਦੀ ਸ਼ਾਮ ਅਲੇਪੋ ਪ੍ਰਾਂਤ ਵਿੱਚ ਸਥਿਤ ਇੱਕ ਟ੍ਰੇਲਰ ਤੋਂ ਫੜਿਆ ਗਿਆ ਸੀ। ਉਸ ਨਾਲ ਉਸ ਦਾ ਪਤੀ ਤੇ ਨੂੰਹ ਵੀ ਸਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਉਸ ਦੇ ਪੰਜ ਬੱਚੇ ਸਨ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬਗਦਾਦੀ ਦੀ ਭੈਣ ਬਾਰੇ ਥੋੜੀ ਜਾਣਕਾਰੀ ਮਿਲੀ ਸੀ ਤੇ ਇਸ ਵਿਚ ਕੋਈ ਸਪੱਸ਼ਟਤਾ ਨਹੀਂ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਆਈਐਸਆਈਐਸ ਮੁਖੀ ਦੀ ਭੈਣ ਸੀ।


ਦ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ ਅੱਤਵਾਦੀ ਦੇ ਪੰਜ ਭਰਾ ਤੇ ਕਈ ਭੈਣਾਂ ਸਨ, ਪਰ ਇਹ ਸਪੱਸ਼ਟ ਨਹੀਂ ਕਿ ਉਹ ਅਜੇ ਜਿਊਂਦੇ ਹਨ ਜਾਂ ਨਹੀਂ। 31 ਅਕਤੂਬਰ ਨੂੰ ਇਸਲਾਮਿਕ ਸਟੇਟ ਸਮੂਹ ਨੇ ਬਗਦਾਦੀ ਦੀ ਮੌਤ ਦੀ ਪੁਸ਼ਟੀ ਕੀਤੀ ਤੇ ਅਬੂ ਇਬਰਾਹਿਮ ਅਲ-ਹਾਸ਼ਮੀ ਨੂੰ ਆਪਣਾ ਨਵਾਂ ਨੇਤਾ ਚੁਣਿਆ ਸੀ।