ਲਾਹੌਰ/ਚੰਡੀਗੜ੍ਹ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸ਼ਨੀਵਾਰ ਨੂੰ ਸਿੱਖ ਲੜਕੀ ਦੀਨਾ ਕੌਰ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ।ਇੰਨਾ ਹੀ ਨਹੀਂ ਸਿੱਖ ਲੜਕੀ ਦੇ ਵਿਆਹ ਤੋਂ ਪਹਿਲਾਂ ਉਸ ਦਾ ਧਰਮ ਪਰਿਵਰਤਨ ਵੀ ਕੀਤਾ ਗਿਆ। ਪਰਿਵਾਰ ਨੇ ਇਨਸਾਫ਼ ਲਈ ਪੁਲਿਸ ਤੋਂ ਮਦਦ ਮੰਗੀ ਤਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਸ਼ਿਕਾਇਤ ਲੈਣ ਤੋਂ ਵੀ ਇਨਕਾਰ ਕਰ ਦਿੱਤਾ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਰਹਿਣ ਵਾਲੇ ਗੁਰਬਚਨ ਸਿੰਘ ਦੀ ਧੀ ਦੀਨਾ ਕੌਰ ਇੱਕ ਅਧਿਆਪਕਾ ਹੈ। ਸ਼ਨੀਵਾਰ ਸਵੇਰੇ ਉਹ ਸਕੂਲ ਜਾਣ ਲਈ ਘਰੋਂ ਨਿਕਲੀ ਸੀ। ਸਕੂਲ ਪਹੁੰਚਣ ਤੋਂ ਪਹਿਲਾਂ ਰਸਤੇ 'ਚ ਹੀ ਉਸ ਨੂੰ ਅਗਵਾ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਦਾ ਧਰਮ ਬਦਲ ਦਿੱਤਾ ਗਿਆ ਅਤੇ ਉਸ ਦਾ ਜ਼ਬਰਦਸਤੀ ਵਿਆਹ ਕਰਵਾਇਆ ਗਿਆ। ਦੀਨਾ ਕੌਰ ਦੇ ਅਗਵਾ ਹੋਣ ਦਾ ਪਤਾ ਲੱਗਣ ’ਤੇ ਗੁਰਬਚਨ ਸਿੰਘ ਅਤੇ ਇਲਾਕੇ ਦੇ ਲੋਕ ਪੁਲਿਸ ਕੋਲ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਰਹਿਣ ਲਈ ਕਿਹਾ ਕਿ ਲੜਕੀ ਨੇ ਧਰਮ ਪਰਿਵਰਤਨ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਗੁਰਬਚਨ ਸਿੰਘ ਦੀ ਐਫਆਈਆਰ ਵੀ ਦਰਜ ਨਹੀਂ ਕੀਤੀ।
ਇਨਸਾਫ਼ ਲਈ ਸੜਕਾਂ 'ਤੇ ਉਤਰਿਆ ਪਰਿਵਾਰ
ਦੀਨਾ ਕੌਰ ਦੇ ਪਿਤਾ ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਕੱਲ੍ਹ ਇਮਾਨੀਆ ਵਾਲੇ ਪਾਸੇ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਧੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਵਿਆਹ ਕਰਵਾਇਆ ਗਿਆ। ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਪਰ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਗੁਰਬਚਨ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।
ਵਿਦੇਸ਼ ਮੰਤਰਾਲੇ ਤੋਂ ਦਖਲ ਦੀ ਅਪੀਲ
ਇਸ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਾਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਸਿਰਸਾ ਨੇ ਕਿਹਾ ਕਿ ਇੱਕ ਸਿੱਖ ਪਰਿਵਾਰ ਇਨਸਾਫ਼ ਲਈ ਸੜਕਾਂ 'ਤੇ ਧਰਨਾ ਦੇ ਰਿਹਾ ਹੈ। ਭਾਰਤ, ਸਮੁੱਚੀ ਸਿੱਖ ਕੌਮ ਅਤੇ ਭਾਰਤ ਸਰਕਾਰ ਇਸ ਔਖੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਖੜੀ ਹੈ। ਸਿਰਸਾ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਅਪੀਲ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ