ਜਕਾਰਤਾ: ਇੰਡੋਨੇਸ਼ੀਆ ਵਿੱਚ ਬੀਤੀ 28 ਸਤੰਬਰ ਨੂੰ 7.5 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 2010 ਤਕ ਪਹੁੰਚ ਗਈ ਹੈ। ਇੰਡੋਨੇਸ਼ੀਆ ਦੇ ਏਐਫ ਨਿਊਜ਼ ਦੀ ਰਿਪੋਰਟ ਮੁਤਾਬਕ ਅਧਿਕਾਰਤ ਰੂਪ ਵਿੱਚ 671 ਲੋਕ ਲਾਪਤਾ ਹਨ, ਪਰ ਹਾਲੇ ਵੀ 5,000 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ।

ਕੌਮੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗ੍ਰੋਹੋ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਕਾਰਨ ਕੇਂਦਰੀ ਸੁਲਾਵੇਸੀ ਸੂਬੇ ਦੀ ਰਾਜਧਾਨੀ ਪਾਲੂ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਇਕੱਲੇ ਪਾਲੂ ਵਿੱਚ ਹੀ 1,601 ਲੋਕ ਮਾਰੇ ਗਏ। ਇਸ ਤੋਂ ਇਲਾਵਾ ਸੂਬੇ ਦੇ ਸੀਗੀ ਵਿੱਚ 222, ਡੋਂਗਾਲਾ ਵਿੱਚ 171 ਤੇ ਪਰੀਗੀ ਮਾਊਂਟੋਂਗ ਵਿੱਚ 15 ਮੌਤਾਂ ਹੋਈਆਂ ਹਨ।



ਸੁਤੋਪੋ ਨੇ ਦੱਸਿਆ ਕਿ ਭੂਚਾਲ ਤੇ ਸੁਨਾਮੀ ਕਰਾਨ 10,679 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 2,549 ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦੱਸਿਆ ਕਿ 82,775 ਲੋਕ ਬੇਘਰ ਹੋਣ ਕਾਰਨ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਅੱਧੇ ਤੋਂ ਵੱਧ ਮ੍ਰਿਤਕਾਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾ ਦਿੱਤਾ ਗਿਆ ਹੈ, ਜਦਕਿ ਬਾਕੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਫ਼ਨ ਕਰ ਦਿੱਤਾ ਹੈ।

ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਸੋਮਵਾਰ ਨੂੰ ਪ੍ਰਭਾਵਿਤ ਇਲਾਕਿਆਂ ਲਈ ਫੌਰੀ ਤੌਰ 'ਤੇ ਤੀਹ ਲੱਖ ਡਾਲਰ ਦੀ ਰਕਮ ਜਾਰੀ ਕਰ ਦਿੱਤੀ। ਭੂਚਾਲ ਤੇ ਸੁਨਾਮੀ ਪ੍ਰਭਾਵਿਤ 90 ਫ਼ੀਸਦੀ ਇਲਾਕਿਆਂ ਵਿੱਚ ਬਿਜਲੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਸਾਲ 2004 ਤੋਂ ਬਾਅਦ ਹੁਣ ਸੁਲਾਵੇਸੀ ਵਿੱਚ ਆਏ ਇਹ ਭੂਚਾਲ ਤੇ ਸੁਨਾਮੀ ਸਭ ਤੋਂ ਵੱਧ ਤਬਾਹੀ ਕਰਨ ਵਾਲੇ ਹਨ। 2004 ਵਿੱਚ ਆਈ ਤਬਾਹੀ ਕਾਰਨ 1,67,000 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ।