ਬਗਦਾਦ: ਆਈ.ਐਸ.ਆਈ.ਐਸ. ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਗਿਆ। ਉਹ ਤੇ ਉਸ ਦੇ ਤਿੰਨ ਕਮਾਂਡਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਮੀਡੀਆ ਰਿਪੋਰਟ ਮੁਤਾਬਕ, ਨਿਨੇਵੇ ਦੇ ਬੇਆਲ ਜ਼ਿਲ੍ਹੇ ਵਿੱਚ ਜ਼ਹਿਰ ਦਿੱਤਾ ਗਿਆ ਪਰ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਹੜੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਖਾਣਾ ਬਗਦਾਦੀ ਤੇ ਉਸ ਦੇ ਤਿੰਨ ਕਮਾਂਡਰਾਂ ਲਈ ਬਣਾਇਆ ਗਿਆ ਸੀ। ਰਿਪੋਰਟ ਮੁਤਾਬਕ, ਬਗਦਾਦੀ ਦੇ ਖਾਣੇ ਵਿੱਚ ਜ਼ਹਿਰ ਮਿਲਾਉਣ ਵਾਲੇ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਤਿੰਨ ਕਮਾਂਡਰ ਕੌਣ ਹਨ, ਉਨ੍ਹਾਂ ਦੇ ਨਾਮ ਬਾਰੇ ਪਤਾ ਨਹੀਂ ਚੱਲਿਆ। ਇਰਾਕੀ ਨਿਊਜ਼ ਏਜੰਸੀ ਮੁਤਾਬਕ, 'ਜ਼ਹਿਰ ਦਿੱਤੇ ਜਾਣ ਕਾਰਨ ਬਗਦਾਦੀ ਸਮੇਤ 4 ਅੱਤਵਾਦੀਆਂ ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਇੱਕ ਅਣਜਾਣ ਥਾਂ 'ਤੇ ਲਿਜਾਇਆ ਗਿਆ ਹੈ।'
ਅਬੂ ਬਕਰ ਅਲ-ਬਗਦਾਦੀ ਦਾ ਸਹੀ ਨਾਮ ਇਬਰਾਹਿਮ ਅਵਾਦ ਇਬਰਾਹਿਮ ਹੈ। ਉਸ ਦਾ ਜਨਮ ਬਗਦਾਦ ਦੇ ਨੇੜੇ ਸਮਾਰਾ ਵਿੱਚ 1971 ਵਿੱਚ ਹੋਇਆ ਸੀ। ਬਗਦਾਦੀ ਨੇ ਅਲ ਕਾਇਦਾ ਤੋਂ ਵੱਖ ਹੋ ਕੇ ਆਈ.ਐਸ.ਆਈ.ਐਸ. ਬਣਾਇਆ ਸੀ ਤੇ ਇਰਾਕ ਤੇ ਸੀਰੀਆ ਦੇ ਵੱਡੇ ਇਕਾਲੇ 'ਤੇ ਕਬਜ਼ਾ ਕਰ ਖ਼ੁਦ ਨੂੰ ਖਲੀਫਾ ਐਲਾਨਿਆ ਸੀ। ਉਸ ਦੇ ਕਈ ਵਾਰ ਜ਼ਖਮੀ ਹੋਣ ਤੇ ਮਾਰੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ।
2013 ਵਿੱਚ ਉਸ ਨੇ ਸੀਰੀਆ ਤੇ ਇਰਾਕ ਦੇ ਵੱਡੇ ਹਿੱਸੇ 'ਤੇ ਕਬਜ਼ਾ ਕੀਤਾ ਸੀ। ਬਗਦਾਦੀ ਨੇ ਆਈ.ਐਸ.ਆਈ.ਐਸ.ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਅਮੀਰ ਸੰਗਠਨ ਬਣਾ ਦਿੱਤਾ ਹੈ। ਹਮਲੇ ਤੋਂ ਬਚਣ ਲਈ ਉਹ ਇਰਾਕ ਤੇ ਸੀਰੀਆ ਵਿੱਚ ਲਗਾਤਾਰ ਥਾਂ ਬਦਲਦਾ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਉਸ ਦੇ ਅਮਰੀਕੀ ਹਵਾਈ ਹਮਲੇ ਵਿੱਚ ਮਾਰੇ ਜਾਣ ਦੀਆਂ ਖਬਰਾਂ ਆਈਆਂ ਹਨ ਪਰ ਸਾਰੀਆਂ ਖਬਰਾਂ ਗਲਤ ਸਾਬਤ ਹੋਈਆਂ ਹਨ। 2011 ਵਿੱਚ ਅਮਰੀਕਾ ਨੇ ਬਗਦਾਦੀ ਨੂੰ ਅੱਤਵਾਦੀ ਐਲਾਨਿਆ ਤੇ ਉਸ 'ਤੇ 10 ਲੱਖ ਡਾਲਰ ਦਾ ਇਨਾਮ ਰੱਖਿਆ ਸੀ।