ਕਾਬੁਲ: ਅਫ਼ਗ਼ਾਨਿਸਤਾਨ ਦੇ ਨਗਰਹਾਰ ਦੀ 18 ਸਾਲਾ ਲੜਕੀ ਸਿਤਾਰਾ ਨੂੰ ਇੱਕ ਦਹਾਕੇ ਤੋਂ ਮੁੰਡੇ ਵਾਂਗ ਰਹਿਣਾ ਰਿਹਾ ਹੈ। ਅਜਿਹਾ ਉਸ ਨੂੰ ਮਾਪਿਆਂ ਦੇ ਦਬਾਅ ਤੇ ਰੋਜ਼ੀ-ਰੋਟੀ ਦੀ ਮਜਬੂਰੀ ’ਚ ਕਰਨਾ ਪੈ ਰਿਹਾ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਮੁੰਡੇ ਦੀ ਭਾਲ਼ ਸੀ ਪਰ ਸਿਤਾਰਾ ਪਿੱਛੋਂ ਮੁੰਡਾ ਨਾ ਹੋਣ ਕਾਰਨ ਹੁਣ ਉਸ ਨੂੰ ਹੀ ਮੁੰਡਾ ਬਣ ਕੇ ਜਿਊਣਾ ਪਿਆ।

 

ਸਿਤਾਰਾ ਹੁਰੀਂ ਕੁੱਲ 5 ਭੈਣਾਂ ਹਨ। ਇਹ ਸਭ ਅਫ਼ਗ਼ਾਨਿਸਤਾਨ ਵਿੱਚ ਪ੍ਰਚੱਲਿਤ ਅਜੀਬੋ ਗ਼ਰੀਬ ਰਿਵਾਜ਼ ‘ਬੱਚਾ ਪੋਸ਼ੀ’ ਦੀਆਂ ਸਤਾਈਆਂ ਹੋਈਆਂ ਹਨ। ਦਰਅਸਲ, ਕੁੜੀ ਜਦੋਂ ਮੁੰਡੇ ਦਾ ਭੇਸ ਬਦਲ ਲੈਂਦੀ ਹੈ ਤਾਂ ਉਸ ਨੂੰ ‘ਬੱਚਾ ਪੋਸ਼ੀ’ ਕਿਹਾ ਜਾਂਦਾ ਹੈ। ਅਜਿਹਾ ਉਨ੍ਹਾਂ ਨੂੰ ਸੁਰੱਖਿਅਤ  ਰਹਿੰਦਿਆਂ ਹੋਇਆਂ ਮੁੰਡਿਆਂ ਵਾਲਾ ਕੰਮ ਕਰਨਾ ਪੈਂਦਾ ਹੈ।

18 ਸਾਲ ਦਿ ਸਿਤਾਰਾ ਇੱਕ ਗ਼ਰੀਬ ਘਰ ਤੋਂ ਹੈ। ਉਨ੍ਹਾਂ ਦਾ ਘਰ ਵੀ ਮਿੱਟੀ ਦਾ ਬਣਿਆ ਹੋਇਆ ਹੈ। ਉਹ ਮੁੰਡਿਆਂ ਵਾਲੇ ਕੱਪੜੇ ਪਾਉਂਦੀ ਹੈ, ਵਾਲ ਢੱਕ ਲੈਂਦੀ ਹੈ ਤੇ ਅਵਾਜ਼ ਬਦਲ ਲੈਂਦੀ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਸਿਤਾਰਾ ਨੇ ਦੱਸਿਆ ਕਿ ਉਹ ਕਦੀ ਨਹੀਂ ਸੋਚਦੀ ਕਿ ਉਹ ਕੁੜੀ ਹੈ। ਉਹ ਆਪਣੇ ਪਿਤਾ ਨਾਲ ਇੱਟਾਂ ਦੇ ਕਾਰਖ਼ਾਨੇ ਵਿੱਚ ਬੰਧੂਆ ਮਜ਼ਦੂਰੀ ਕਰਦੀ ਹੈ ਯਾਨੀ ਕਾਰਖ਼ਾਨੇ ਦੇ ਮਾਲਕ ਤੋਂ ਲਏ ਕਰਜ਼ੇ ਦੇ ਭੁਗਤਾਨ ਵਜੋਂ ਉਹ ਤੇ ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ। ਇਸੇ ਕੰਮ ਨਾਲ ਉਨ੍ਹਾਂ ਦੇ ਪਰਿਵਾਰ ਦਾ ਖਰਚਾ ਚੱਲਦਾ ਹੈ।

ਸਿਤਾਰਾ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਵੱਡਾ ਮੁੰਡਾ ਹੀ ਸਮਝਦੇ ਹਨ। ਪਿਤਾ ਨਾਲ ਉਹ ਵੱਡਾ ਪੁੱਤਰ ਬਣ ਕੇ ਨਮਾਜ਼ਾਂ ਵਿੱਚ ਵੀ ਹਿੱਸਾ ਲੈਂਦੀ ਹੈ। ਅਫ਼ਗ਼ਾਨਿਸਤਾਨ ’ਚ ਜਿਨ੍ਹਾਂ ਘਰਾਂ ’ਚ ਮੁੰਡੇ ਨਹੀਂ ਹੁੰਦੇ ਉਹ ਅਕਸਰ ‘ਬੱਚਾ ਪੋਸ਼ੀ’ ਦਾ ਸਹਾਰਾ ਲੈਂਦੇ ਹਨ। ਕਈ ਵਾਰ ਲੜਕੀਆਂ ਖ਼ੁਦ ਲੜਕਾ ਬਣਨ ਦਾ ਵਿਕਲਪ ਚੁਣਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਮੁੰਡਿਆਂ ਵਾਲੀ ਆਜ਼ਾਦੀ ਮਿਲ ਸਕੇ। ਇਸ ਰਿਵਾਜ਼ ਦਾ ਨਿਯਮ ਹੈ ਕਿ ਮਾਹਵਾਰੀ ਸ਼ੁਰੂ ਹੋਣ ਪਿੱਛੋਂ ਕੁੜੀਆਂ ਮੁੰਡਾ ਬਣਨਾ ਬੰਦ ਕਰ ਦਿੰਦੀਆਂ ਹਨ ਪਰ ਸਿਤਾਰਾ ਇਸ ਮਾਮਲੇ ਵਿੱਚ ਇਕੱਲੀ ਕੁੜੀ ਹੈ ਜਿਸ ਨੇ ਪੀਰੀਅਡਸ ਆਉਣ ਪਿੱਛੋਂ ਵੀ ਮੁੰਡਾ ਬਣਨਾ ਜਾਰੀ ਰੱਖਿਆ ਹੈ।