Illegal Immigrants in USA: ਕੈਨੇਡਾ ਤੋਂ ਬਾਅਦ ਅਮਰੀਕਾ ਵੀ ਗੈਰ-ਕਾਨੂੰਨੀ ਪਰਵਾਸੀਆਂ ਖਿਲਾਫ ਸ਼ਿਕੰਜਾ ਕੱਸ਼ਣ ਜਾ ਰਿਹਾ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪਸ਼ਟ ਐਲਾਨ ਕੀਤਾ ਹੈ ਕਿ ਕਿਸੇ ਵੀ ਗੈਰ-ਕਾਨੂੰਨੀ ਪਰਵਾਸੀ ਨੂੰ ਦੇਸ਼ ਅੰਦਰ ਨਹੀਂ ਰਹਿਣ ਦਿੱਤਾ ਜਾਏਗਾ। ਉਂਝ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਵਿੱਚ ਪਰਵਾਸੀਆਂ ਦੀ ਕਾਨੂੰਨੀ ਆਮਦ ਨੂੰ ਸੁਖਾਲਾ ਬਣਾਇਆ ਜਾਏਗਾ ਪਰ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਕਿਸੇ ਵੀ ਕੀਮਤ ਉਪਰ ਨਹੀਂ ਬਖਸ਼ਿਆ ਜਾਏਗਾ।
ਦਰਅਸਲ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਓਵਲ ਦਫ਼ਤਰ ਵਿੱਚ ਦਾਖ਼ਲ ਹੋਣ ਮਗਰੋਂ ਸਾਰੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ (ਵਾਪਸ ਭੇਜਣ) ਦੀ ਆਪਣੀ ਯੋਜਨਾ ਨੂੰ ਅਮਲੀ ਰੂਪ ਦੇਣਗੇ। ਟਰੰਪ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਉਹ ਲੋਕਾਂ ਦੀ ਅਮਰੀਕਾ ਵਿੱਚ ਕਾਨੂੰਨੀ ਆਮਦ ਨੂੰ ਸੁਖਾਲਾ ਵੀ ਬਣਾਉਣਗੇ। ਟਰੰਪ ਦਾ ਇਹ ਦਾਅਵਾ ਭਾਰਤੀਆਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਬਹੁਗਿਣਤੀ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੁੰਦੇ ਹਨ।
ਐਨਬੀਸੀ ਨਿਊਜ਼ ਨਾਲ ਇੰਟਰਵਿਊ ਦੌਰਾਨ ਪੱਤਰਕਾਰ ਨੇ ਜਦੋਂ ਸਵਾਲ ਪੁੱਛਿਆ ਕਿ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨ ਬਾਰੇ ਉਨ੍ਹਾਂ ਦੀ ਕੀ ਯੋਜਨਾ ਹੈ, ਤਾਂ ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕਰਨਾ ਹੋਵੇਗਾ।’’ ਮਨੋਨੀਤ ਰਾਸ਼ਟਰਪਤੀ ਨੇ ਕਿਹਾ, ‘‘ਤੁਹਾਨੂੰ ਨੇਮ ਤੇ ਕਾਨੂੰਨ ਬਣਾਉਣੇ ਹੋਣਗੇ। ਉਹ ਗ਼ੈਰ ਕਾਨੂੰਨੀ ਢੰਗ ਨਾਲ ਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਬਹੁਤ ਬੇਇਨਸਾਫ਼ੀ ਕੀਤੀ ਗਈ ਹੈ ਉਹ, ਉਹ ਲੋਕ ਹਨ ਜੋ ਦੇਸ਼ ਵਿੱਚ ਆਉਣ ਲਈ 10 ਸਾਲਾਂ ਤੋਂ ਆਨਲਾਈਨ ਹਨ। ਅਸੀਂ ਅਜਿਹੇ ਲੋਕਾਂ ਲਈ ਆਉਣਾ ਬਹੁਤ ਸੁਖਾਲਾ ਬਣਾਉਣ ਜਾ ਰਹੇ ਹਾਂ ਕਿਉਂਕਿ ਉਨ੍ਹਾਂ ਨੂੰ ਟੈਸਟ ਪਾਸ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਤੁਹਾਨੂੰ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ ਕਿ ‘ਸਟੈਚੂ ਆਫ਼ ਲਿਬਰਟੀ’ ਕੀ ਹੈ। ਉਨ੍ਹਾਂ ਨੂੰ ਤੁਹਾਨੂੰ ਸਾਡੇ ਦੇਸ਼ ਬਾਰੇ ਥੋੜ੍ਹਾ ਜਿਹਾ ਦੱਸਣਾ ਹੋਵੇਗਾ। ਉਨ੍ਹਾਂ ਨੂੰ ਸਾਡੇ ਦੇਸ਼ ਨਾਲ ਪਿਆਰ ਕਰਨਾ ਹੋਵੇਗਾ।’’
ਦੱਸ ਦਈਏ ਕਿ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਪਰਵਾਸੀਆਂ ਅੰਦਰ ਸਹਿਮ ਹੈ। ਟਰੰਪ ਨੇ ਚੋਣ ਮੁਹਿੰਮ ਦੌਰਾਨ ਵੀ ਪਰਵਾਸ ਬਾਰੇ ਸਖਤ ਕਾਨੂੰਨ ਬਣਾਉਣ ਨੂੰ ਮੁੱਦਾ ਬਣਾਇਆ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਗੈਰ-ਕਾਨੂੰਨੀ ਤਾਰੀਕੇ ਨਾਲ ਅਮਰੀਕਾ ਗਏ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੀ ਗੈਰ-ਕਾਨੂੰਨੀ ਪਰਵਾਸੀਆਂ ਖਿਲਾਫ ਸਖਤ ਐਕਸ਼ਨ ਲੈ ਰਹੀ ਹੈ।