ਕਰਾਚੀ : ਉੜੀ ਵਿੱਚ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦਾ ਵਿਰੋਧ ਹੁਣ ਪਾਕਿਸਤਾਨ ਵਿੱਚ ਵੀ ਹੋਣ ਲੱਗਾ ਹੈ। ਪਾਕਿਸਤਾਨ ਦੀ ਪ੍ਰਸਿੱਧ ਫਿਲਮ ਐਕਟਰ ਮਾਹਿਰਾ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ। ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਮਾਹਿਰਾ ਖ਼ਾਨ ਨੇ ਆਖਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਹਰਕਤ ਦੀ ਉਹ ਸਖ਼ਤ ਨਿੰਦਾ ਅਤੇ ਸ਼ਾਂਤੀ ਲਈ ਦੁਆ ਕਰਦੇ ਹਨ।
ਇਸ ਤੋਂ ਪਹਿਲਾਂ ਪਾਕਿਸਤਾਨ ਐਕਟਰਸ ਫਵਾਦ ਖ਼ਾਨ ਅਤੇ ਸ਼ਫ਼ਕਤ ਅਮਾਨਤ ਅਲੀ ਖ਼ਾਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਸੀ। ਇੱਕ ਫੇਸਬੁੱਕ ਪੋਸਟ 'ਚ ਮਾਹਿਰਾ ਨੇ ਲਿਖਿਆ ਹੈ, ''ਪਿਛਲੇ 5 ਸਾਲ 'ਚ ਮੈਂ ਅਭਿਨੇਤਰੀ ਦੇ ਰੂਪ ਵਿਚ ਕੰਮ ਕਰ ਰਹੀ ਹਾਂ ਅਤੇ ਮੇਰਾ ਮੰਨਣਾ ਹੈ ਕਿ ਮੈਂ ਪਾਕਿਸਤਾਨ ਅਤੇ ਬਾਕੀ ਥਾਵਾਂ 'ਤੇ ਆਪਣੀ ਸਮਰੱਥਾ ਜ਼ਰੀਏ ਦੇਸ਼ ਦੀ ਅਗਵਾਈ ਕੀਤੀ ਹੈ।


ਉਨ੍ਹਾਂ ਨੇ ਅੱਗੇ ਲਿਖਿਆ, ''ਇੱਕ ਪਾਕਿਸਤਾਨੀ ਨਾਗਰਿਕ ਹੋਣ ਦੇ ਨਾਂਅ ਤੇ ਮੈਂ ਅੱਤਵਾਦ ਦੇ ਕਿਸੇ ਵੀ ਕੰਮ ਦੀ ਸਖ਼ਤ ਨਿੰਦਾ ਕਰਦੀ ਹਾਂ ਚਾਹੇ ਉਹ ਕਿਸੇ ਵੀ ਸਰਜ਼ਮੀਨ 'ਤੇ ਹੋਣ।'' ਜ਼ਿਕਰਯੋਗ ਹੈ ਕਿ ਉੜੀ ਹਮਲੇ ਦੇ ਮੱਦੇਨਜ਼ਰ ਭਾਰਤ 'ਚ ਇੱਕ ਤਬਕਾ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲਾਉਣ ਦੀ ਮੰਗ ਕਰ ਰਿਹਾ ਹੈ। ਫਵਾਦ, ਮਾਹਿਰਾ ਅਤੇ ਹੋਰ ਪਾਕਿਸਤਾਨੀ ਕਲਾਕਾਰਾਂ ਨੂੰ ਮਨਸੇ ਨੇ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਜਾਂ ਜਬਰਨ ਕੱਢੇ ਜਾਣ ਦਾ ਅਲਟੀਮੇਟਮ ਦਿੱਤਾ ਸੀ।