ਨਵੀਂ ਦਿੱਲੀ : ਭਾਰਤ ਦੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਵਿੱਚ ਖਲਬਲੀ ਮੱਚੀ ਹੋਈ ਹੈ ਪਾਕਿਸਤਾਨ ਦੇ ਅਖ਼ਬਾਰ 'ਦ ਨੇਸ਼ਨ' ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਛਾਪੀ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਪ੍ਰਮੁੱਖ ਰਿਜ਼ਵਾਨ ਅਖ਼ਤਰ ਨੂੰ ਆਉਣ ਵਾਲੇ ਦਿਨਾਂ ਵਿੱਚ ਹਟਾ ਦਿੱਤਾ ਜਾਵੇਗਾ।


ਸਤੰਬਰ 2014 ਵਿੱਚ ਰਿਜ਼ਵਾਨ ਅਖ਼ਤਰ ਨੂੰ ISI ਦਾ ਡੀ.ਜੀ. ਬਣਾਇਆ ਗਿਆ ਸੀ। ਵੈਸੇ ISI ਦੇ ਪ੍ਰਮੁੱਖ ਦਾ ਕਾਰਜਕਾਲ ਤਿੰਨ ਸਾਲ ਹੁੰਦਾ ਹੈ, ਪਰ ਖ਼ਬਰ ਹੈ ਕਿ ਸਮੇਂ ਤੋਂ ਪਹਿਲਾਂ ਹੀ ਰਿਜ਼ਵਾਨ ਅਖ਼ਤਰ ਨੂੰ ਹਟਾਇਆ ਜਾਵੇਗਾ।

ਖ਼ਬਰ ਹੈ ਕਿ ਕਰਾਚੀ ਦੇ ਕਮਾਂਡਰ ਲੈਫਟਿਨੇਂਟ ਜਨਰਲ ਨਾਵੇਦ ਮੁਖਤਾਰ ਨੂੰ ਰਿਜ਼ਵਾਨ ਅਖ਼ਤਰ ਦੀ ਥਾਂ ISI ਦਾ ਪ੍ਰਮੁੱਖ ਬਣਾਇਆ ਜਾਏਗਾ। ਹਾਲਾਂਕਿ ਹਾਲੇ ਅਧਿਕਾਰਤ ਤੌਰ 'ਤੇ ISI ਨੇ ਇਸ ਬਦਲਾਅ ਦੀ ਪੁਸ਼ਟੀ ਨਹੀਂ ਕੀਤੀ ਹੈ।

ਦੂਜੇ ਪਾਸੇ ਮਲਟੀ ਏਜੰਸੀ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਐਲ.ਓ.ਸੀ. 'ਤੇ ਪਾਕਿਸਤਾਨੀ ਸੈਨਾ ਹਮਲੇ ਦੀ ਤਿਆਰੀ ਵਿੱਚ ਬੈਠੀ ਹੈ। ਅੱਤਵਾਦੀ ਵੀ ਦੇਸ਼ ਵਿੱਚ ਕੁੱਝ ਇਲਾਕਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।