ਸਿਡਨੀ: ਇੱਥੋਂ ਇੰਡੋਨੇਸ਼ੀਆ ਜਾ ਰਹੀ ਏਅਰ ਏਸ਼ੀਆ ਦੀ ਫਲਾਈਟ ਨੂੰ ਕੈਬਿਨ ਪ੍ਰੈਸ਼ਰ ਘੱਟ ਹੋਣ ਕਾਰਨ ਆਸਟ੍ਰੇਲੀਆ ਵਾਪਸ ਬੁਲਾ ਲਿਆ ਗਿਆ। ਦਰਅਸਲ ਉਡਾਣ ਭਰਨ ਦੇ 25 ਮਿੰਟ ਬਾਅਦ ਹੀ ਇਹ ਫਲਾਈਟ 32 ਹਜ਼ਾਰ ਫੁੱਟ ਦੀ ਉਚਾਈ ਤੋਂ ਅਚਾਨਕ 10 ਹਜ਼ਾਰ ਫਿੱਟ 'ਤੇ ਆ ਗਈ। ਏਅਰ ਏਸ਼ੀਆ ਨੇ ਕਿਹਾ ਕਿ ਅਜਿਹਾ ਟੈਕਨੀਕਲ ਸਮੱਸਿਆ ਕਾਰਨ ਹੋਇਆ ਹੈ।
ਫਲਾਈਟ 'ਚ ਸਫਰ ਕਰਨ ਵਾਲਿਆਂ ਨੇ ਦੱਸਿਆ ਕਿ ਜਹਾਜ਼ ਅਚਾਨਕ ਥੱਲੇ ਆਇਆ ਤੇ ਸੀਲਿੰਗ ਤੋਂ ਆਕਸੀਜ਼ਨ ਮਾਸਕ ਉਨ੍ਹਾਂ ਦੇ ਸਾਹਮਣੇ ਆ ਗਏ। ਇਸ ਨਾਲ ਉਹ ਘਬਰਾ ਗਏ। ਫਲਾਈਟ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ 'ਚ ਸਵਾਰੀਆਂ ਨੂੰ ਆਕਸੀਜ਼ਨ ਮਾਸਕ ਨਾਲ ਵਿਖਾਇਆ ਗਿਆ ਹੈ।
ਇਸ ਦੇ ਨਾਲ ਹੀ ਸਵਾਰੀਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਆਪਣੀ ਥਾਂ ਬੈਠੇ ਰਹਿਣ। ਇੱਕ ਪੈਸੰਜਰ ਨੇ ਟੀਵੀ ਚੈਨਲ ਨੂੰ ਦੱਸਿਆ, "ਮੈਂ ਆਪਣੇ ਮੋਬਾਈਲ ਤੋਂ ਆਪਣੀ ਫੈਮਿਲੀ ਨੂੰ ਮੈਸੇਜ ਭੇਜਿਆ ਸੀ।" ਇਹ ਬਹੁਤ ਡਰਾਵਨਾ ਸੀ। ਦੂਜੀ ਸਵਾਰੀ ਨੇ ਦੱਸਿਆ, "ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਚਾਨਕ ਕੀ ਹੋ ਗਿਆ।"
ਪੂਰੇ ਮਾਮਲੇ ਨੂੰ ਲੈ ਕੇ ਏਅਰ ਏਸ਼ੀਆ ਨੇ ਮੁਆਫੀ ਮੰਗੀ ਹੈ। ਏਅਰ ਲਾਇਨਜ਼ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਡੀ ਪਹਿਲ ਸਵਾਰੀਆਂ ਤੇ ਟੀਮ ਹੈ। ਬੀਤੇ ਕੁਝ ਹਫਤਿਆਂ 'ਚ ਕਈ ਉਡਾਣਾਂ ਨੂੰ ਵਾਪਸ ਆਸਟ੍ਰੇਲੀਆ ਬੁਲਾ ਲਿਆ ਗਿਆ।