ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਪ੍ਰਮਾਣੂ ਸਮਝੌਤਾ ਮੁਕੰਮਲ ਤੌਰ 'ਤੇ ਖਤਮ ਕਰਨਾ ਅਜੇ ਵੀ ਸੰਭਵ ਹੈ। ਇਸ ਤੋਂ ਪਹਿਲਾ ਟਰੰਪ ਨੇ ਇਸ 2015 ਸਮਝੌਤੇ ਨੂੰ ਪ੍ਰਮਾਣਿਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਦਾ ਭਵਿੱਖ ਕਾਂਗਰਸ 'ਤੇ ਛੱਡ ਦਿੱਤਾ। ਅਸਲ 'ਚ ਟਰੰਪ ਨੇ ਈਰਾਨ ਲਈ ਨਵੀਂ ਰਣਨੀਤੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਅਮਰੀਕੀ ਕਾਂਗਰਸ ਈਰਾਨ 'ਤੇ ਨਵੀਂਆਂ ਪਾਬੰਦੀਆਂ ਲਾਗੂ ਨਹੀਂ ਕਰਦੀ ਤਾਂ ਉਹ ਉਸ ਨਾਲ ਪ੍ਰਮਾਣੂ ਸਮਝੌਤੇ ਖਤਮ ਕਰ ਦੇਣਗੇ।
ਈਰਾਨ ਖਿਲਾਫ ਨਵੀਂ ਰਣਨੀਤੀ ਦਾ ਐਲਾਨ ਕਰਨ ਦੇ ਫੈਸਲੇ ਤੋਂ ਬਾਅਦ ਦੋਵੇਂ ਦੇਸ਼ ਇੱਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਇਸ ਮਾਮਲੇ ਨੂੰ ਲੈ ਕੇ ਈਰਾਨ ਨੇ ਟਰੰਪ 'ਤੇ ਹਮਲਾ ਬੋਲਿਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਖਿਲਾਫ ਟਰੰਪ ਦੀ ਹਮਲਾਵਰ ਨੀਤੀ ਦਿਖਾਉਂਦੀ ਹੈ ਕਿ ਅਮਰੀਕਾ ਪ੍ਰਮਾਣੂ ਸਮਝੌਤੇ ਦੇ ਆਪਣੇ ਵਿਰੋਧ 'ਚ ਇਕੱਲਾ ਰਹਿ ਗਿਆ ਹੈ।
ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਏਜੰਸੀ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਈਰਾਨ ਪ੍ਰਮਾਣੂ ਸਮਝੌਤੇ ਦੀਆਂ ਵਚਨਬੱਧਤਾਵਾਂ ਦੀ ਪਾਲਣ ਕਰ ਰਿਹਾ ਹੈ। ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਸੰਯੁਕਤ ਰਾਸ਼ਟਰ 'ਚ ਪ੍ਰਮਾਣੂ ਸਮਝੌਤੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਨੂੰ ਅੰਤਰਰਾਸ਼ਟਰੀ ਤੌਰ 'ਤੇ ਸਮਰਥਨ ਮਿਲਿਆ ਸੀ। ਇਸ ਦੇ ਭਵਿੱਖ 'ਤੇ ਇਕ ਜਾਂ ਦੋ ਦੇਸ਼ ਫੈਸਲਾ ਨਹੀਂ ਕਰ ਸਕਦੇ।