ਵਲੇਤਾ: ਮਾਲਟਾ ਦੇ ਵਿਦੇਸ਼ੀ ਕਰ ਪਨਾਹਗਾਰਾਂ ਬਾਰੇ ਖੁਲਾਸੇ ਕਰਨ ਵਾਲੀ ਖੋਜੀ ਪੱਤਰਕਾਰ ਦੀ ਉਨ੍ਹਾਂ ਦੀ ਆਪਣੀ ਕਾਰ 'ਚ ਧਮਾਕਾ ਹੋਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਲੀਕ ਹੋਏ ਪਨਾਮਾ ਪੇਪਰਜ਼ ਜ਼ਰੀਏ ਇਹ ਕਰ ਚੋਰੀ ਲਈ ਦੂਜੇ ਦੇਸ਼ਾਂ 'ਚ ਪਨਹਾਗਾਹਾਂ ਬਾਰੇ ਖੁਲਾਸਾ ਕੀਤਾ ਸੀ।

ਪ੍ਰਧਾਨ ਮੰਤਰੀ ਜੋਸੇਫ਼ ਮਸਟਕ ਨੇ ਦੱਸਿਆ ਕਿ 53 ਸਾਲਾ ਡੇਫਨੇ ਕਰੂਆਨਾ ਗਲੀਜ਼ਿਆ ਮਾਲਟਾ ਦੇ ਵੱਡੇ ਸ਼ਹਿਰ ਮੋਸਟਾ ਵਿਚਲੇ ਆਪਣੇ ਘਰ 'ਚੋਂ ਨਿਕਲੀ ਸੀ ਕਿ ਬੰਬ ਧਮਾਕਾ ਹੋ ਗਿਆ। ਇਸ ਨਾਲ ਉਸ ਦੀ ਕਾਰ ਦੇ ਪਰਖੱਚੇ ਉੱਡ ਗਏ। ਮਸਕਟ ਨੇ ਕਿਹਾ ਕਿ ਪੱਤਰਕਾਰ ਦੀ ਮੌਤ ਅੱਤਵਾਦੀ ਹਮਲਾ ਹੈ ਜੋ ਲੋਕਾਂ ਦੀ ਆਜ਼ਾਦੀ 'ਤੇ ਵੀ ਵੱਡਾ ਹਮਲਾ ਹੈ। ਉਨ੍ਹਾਂ ਪੱਤਰਕਾਰ ਦੇ ਕਤਲ ਦੀ ਨਿੰਦਾ ਕਰਦੇ ਹੋਏ ਕਿਹਾ ਹੈ, "ਇਹ ਪੱਤਰਕਾਰ ਸਿਆਸੀ ਤੇ ਵਿਅਕਤੀਗਤ ਤੌਰ 'ਤੇ ਮੇਰੀ ਕੱਟੜ ਅਲੋਚਕ ਸੀ ਪਰ ਮੈਂ ਉਸ ਦੇ ਕਤਲ ਦੀ ਨਿੰਦਾ ਕਰਦਾ ਹਾਂ।"

ਇਸ ਮਹਿਲਾ ਪੱਤਰਕਾਰ ਨੇ ਸਾਲ 2016 'ਚ ਲੀਕ ਹੋਏ ਪਨਾਮਾ ਪੇਪਰਜ਼ 'ਚ ਮਾਲਟਾ ਦੇ ਸਬੰਧਾਂ ਬਾਰੇ ਲਿਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਮਸਕਟ ਦੀ ਪਤਨੀ ਤੇ ਸਰਕਾਰ ਦੇ ਚੀਫ ਆਫ਼ ਸਟਾਫ ਅਜ਼ਰਬੇਜਾਨ ਤੋਂ ਧਨ ਦੇਣ ਲਈ ਪਨਾਮਾ 'ਚ ਵਿਦੇਸ਼ੀ ਕੰਪਨੀ ਸੀ। ਕਾਨੂੰਨ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਮਾਲਟਾ ਦੇ ਅਖ਼ਬਾਰਾਂ ਨੂੰ ਦੱਸਿਆ ਹੈ ਕਿ ਡੇਫਨੇ ਨੇ ਦੋ ਹਫ਼ਤੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ।