ਮਹਿਤਾਬ-ਉਦ-ਦੀਨ


ਚੰਡੀਗੜ੍ਹ: ਐਡੀਲੇਡ ’ਚ ਜਿਸ 21 ਸਾਲਾ ਪੰਜਾਬੀ ਕੁੜੀ ਜਸਮੀਨ ਕੌਰ ਦਾ ਬੀਤੇ ਮਾਰਚ ਮਹੀਨੇ ਕਤਲ ਹੋ ਗਿਆ ਸੀ, ਉਸ ਦੇ ਕਾਤਲ ਦਾ ਹੁਣ ਪਤਾ ਲੱਗ ਗਿਆ ਹੈ। ਦਰਅਸਲ, ਹੁਣ ਤੱਕ ਅਦਾਲਤ ਨੇ ਉਸ ਦਾ ਨਾਂ ਜੱਗ-ਜ਼ਾਹਿਰ ਕਰਨ ’ਤੇ ਪਾਬੰਦੀ ਲਾਈ ਹੋਈ ਸੀ ਪਰ ਅੱਜ ਵੀਰਵਾਰ ਨੂੰ ਪਾਬੰਦੀ ਦੇ ਉਹ ਆਦੇਸ਼ ਖ਼ਤਮ ਹੋ ਗਏ ਹਨ। ਪੁਲਿਸ ਅਨੁਸਾਰ ਜਸਮੀਨ ਕੌਰ ਦਾ ਕਥਿਤ ਕਾਤਲ ਕੁਰਾਲਟਾ ਪਾਰਕ ਦਾ 20 ਸਾਲਾ ਪੰਜਾਬੀ ਨੌਜਵਾਨ ਤਾਰਿਕਜੋਤ ਸਿੰਘ ਹੈ।


ਦੱਸ ਦੇਈਏ ਕਿ ਜਸਮੀਨ ਕੌਰ ਕੇਅਰ ਵਰਕਰ ਸੀ ਤੇ ਨਰਸਿੰਗ ਵਿਸ਼ੇ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਲਾਸ਼ ਪਿਛਲੇ ਮਹੀਨੇ ਜ਼ਮੀਨ ’ਚ ਦੱਬੀ ਮਿਲੀ ਸੀ। ‘ਏਬੀਸੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਰਹੇਟ ਬਰਨੀ ਦੀ ਰਿਪੋਰਟ ਅਨੁਸਾਰ ‘ਤਾਰਿਕਜੋਤ ਸਿੰਘ ਕਥਿਤ ਤੌਰ ਉੱਤੇ ਜਸਮੀਨ ਕੌਰ ਨੂੰ 5 ਮਾਰਚ ਵਾਲੇ ਦਿਨ ਨੌਰਥ ਪਲਾਇੰਪਟਨ ਸਥਿਤ ਉਸ ਦੀ ਡਿਊਟੀ ਵਾਲੇ ਸਥਾਨ ‘ਸਦਰਨ ਕ੍ਰੌਸ ਕੇਅਰ ਹੋਮ’ ਨਾਂ ਦੇ ਹਸਪਤਾਲ ਦੀ ਪਾਰਕਿੰਗ ਤੋਂ ਜ਼ਬਰਦਸਤੀ ਲੈ ਕੇ ਗਿਆ ਸੀ। ਤਦ ਜਸਮੀਨ ਹਾਲੇ ਆਪਣੀ ਸ਼ਿਫ਼ਟ ਖ਼ਤਮ ਕਰ ਕੇ ਬਾਹਰ ਨਿੱਕਲੀ ਹੀ ਸੀ। ਬਾਅਦ ’ਚ ਤਾਰਿਕਜੋਤ ਸਿੰਘ ਨੇ ਜਸਮੀਨ ਕੌਰ ਦਾ ਕਤਲ ਕਰ ਦਿੱਤਾ।’


ਛੇ ਮਾਰਚ, 2021 ਨੂੰ ਜਸਮੀਨ ਕੌਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਥਾਣੇ ’ਚ ਲਿਖਵਾਈ ਗਈ ਸੀ। ਉਸ ਤੋਂ ਬਾਅਦ ਸੋਮਵਾਰ, 8 ਮਾਰਚ ਨੂੰ ਪੁਲਿਸ ਨੇ ਤਾਰਿਕਜੋਤ ਸਿੰਘ ਵੱਲੋਂ ਮੋਰਾਲਾਨਾ ਕ੍ਰੀਕ ’ਚ ਦੱਸੀ ਥਾਂ ਨੂੰ ਪੁੱਟ ਕੇ ਜਸਮੀਨ ਕੌਰ ਦੀ ਦੱਬੀ ਹੋਈ ਲਾਸ਼ ਕੱਢ ਲਈ ਸੀ।


ਉਸ ਤੋਂ ਬਾਅਦ ਤਾਰਿਕਜੋਤ ਸਿੰਘ ਉੱਤੇ ਜਸਮੀਨ ਕੌਰ ਦੇ ਕਤਲ ਦਾ ਇਲਜ਼ਾਮ ਲਾਇਆ ਗਿਆ ਸੀ। ਉਸ ਨੂੰ 9 ਮਾਰਚ ਨੂੰ ਪੋਰਟ ਔਗਸਟਾ ਮੈਜਿਸਟ੍ਰੇਟਸ ਦੀ ਅਦਾਲਤ ’ਚ ਪੇਸ਼ ਕੀਤਾ ਗਿਆ; ਉੱਥੇ ਤਦ ਉਸ ਦਾ ਨਾਂ ਜੱਗ ਜ਼ਾਹਿਰ ਕਰਨ ’ਤੇ ਰੋਕ ਲਾ ਦਿੱਤੀ ਗਈ ਸੀ। ਤਾਰਿਕਜੋਤ ਸਿੰਘ ਨੇ ਜ਼ਮਾਨਤ ਲਈ ਆਪਣੀ ਅਰਜ਼ੀ ਨਹੀਂ ਦਿੱਤੀ ਹੈ।


ਉੱਧਰ ‘ਸਦਰਨ ਕ੍ਰੌਸ ਕੇਅਰ ਹੋਮ’ ਨੇ ਜਸਮੀਨ ਕੌਰ ਨੂੰ ਇੱਕ ਖ਼ੂਬਸੂਰਤ ਆਤਮਾ ਦੱਸਦਿਆਂ ਕਿਹਾ ਹੈ ਕਿ ਉਹ ਬਹੁਤ ਦਿਆਲੂ ਤੇ ਮਿਠਬੋਲੜੀ ਸੀ। ਹਸਪਤਾਲ ਦੇ ਸੀਈਓ ਡੇਵਿਡ ਮੋਰਾਨ ਨੇ ਕਿਹਾ ਕਿ ਉਹ ਆਪਣੇ ਸਮੂਹ ਸਟਾਫ਼ ਵੱਲੋਂ ਜਸਮੀਨ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਤੇ ਉਸ ਦੀ ਵਿੱਛੜੀ ਆਤਮਾ ਨੂੰ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ।


ਇਹ ਵੀ ਪੜ੍ਹੋ: ਜਗਵੀਰ ਸਿੰਘ ਦੀ ਕੈਨੇਡਾ ਤੇ ਅਮਰੀਕਾ ’ਚ ਪ੍ਰਸਿੱਧ ਕੰਪਨੀ ‘ਰੀਫ਼੍ਰੈਸ਼ ਬੋਟੈਨੀਕਲਜ਼’ ਦੇ ਆਰਗੈਨਿਕ ਉਤਪਾਦ ਹੁਣ ਭਾਰਤ ’ਚ ਵੀ ਹੋਣਗੇ ਲਾਂਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904