ਨਿਊਯਾਰਕ: ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਨਿਕੇਤ ਸ਼ਾਹ ਖਿਲਾਫ ਢਾਈ ਲੱਖ ਯੂਐਸ ਡਾਲਰ (1,62,56,250 ਰੁਪਏ) ਦੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਸ਼ਾਹ ਨੇ ਆਪਣੇ ਹੀ ਨਿਵੇਸ਼ਕ ਦੋਸਤਾਂ ਤੇ ਵਰਕਰਾਂ ਨਾਲ ਵੱਡੀ ਠੱਗੀ ਮਾਰੀ ਹੈ। ਨਿਊਜਰਸੀ ਦੀ ਅਦਾਲਤ ਨੇ ਉਸ ਦੀ ਸਾਰੀ ਜਾਇਦਾਦ ਤੇ ਬੈਂਕ ਖਾਤੇ ਵੀ ਸੀਲ ਕਰਨ ਨੂੰ ਕਿਹਾ ਹੈ। ਸ਼ਿਕਾਇਤ ਮੁਤਾਬਕ ਇਸ ਨੇ ਸਪਾਰਕ ਟਰੇਡਿੰਗ ਗਰੁੱਪ ਨਾਂ ਦੀ ਕੰਪਨੀ ਬਣਾ ਕੇ 15 ਨਿਵੇਸ਼ਕਾਂ ਦੇ ਪੈਸੈ ਮਾਰੇ ਹਨ।
ਦਰਅਸਲ ਉਸ ਨੇ ਨਿਵੇਸ਼ਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮਹੀਨੇ ਦੇ ਮਹੀਨੇ ਉਨ੍ਹਾਂ ਦੇ ਪੈਸੇ ਵਾਪਸ ਕਰੇਗਾ ਪਰ ਉਸ ਨੇ ਪੈਸੇ ਨਹੀਂ ਮੋੜੇ। ਸਗੋਂ ਉਹ ਲੋਕਾਂ ਨੂੰ ਲਗਾਤਾਰ ਬੇਵਕੂਫ ਬਣਾਉਂਦਾ ਰਿਹਾ। ਬਾਅਦ ਵਿੱਚ ਇਸ ਕੰਪਨੀ ਦਾ ਵੀ ਦੀਵਾਲਾ ਨਿਕਲ ਗਿਆ। ਨਿਵੇਸ਼ਕ ਉਸ ਤੋਂ ਪੈਸੇ ਮੰਗਦੇ ਸਨ ਪਰ ਉਹ ਨਿਵੇਸ਼ਕਾਂ ਨੂੰ ਪੈਸੇ ਦੇਣ ਦੀ ਥਾਂ ਲਗਾਤਾਰ ਝੂਠ ਬੋਲਦਾ ਰਿਹਾ ਹੈ।
ਇੱਥੋਂ ਤੱਕ ਕਿ ਉਹ ਦੋਸਤਾਂ ਤੇ ਨਿਵੇਸ਼ਕਾਂ ਨੂੰ ਆਪਣੇ ਵੱਲੋਂ ਹੀ ਤਿਆਰ ਕੀਤੀਆਂ ਝੂਠੀਆਂ ਬੈਂਕ ਸਟੇਟਮੈਂਟਾਂ ਦਿਖਾਉਂਦਾ ਰਿਹਾ। ਮੰਨਿਆ ਜਾ ਰਿਹਾ ਹੈ ਕਿ ਹੁਣ ਇਸ 'ਤੇ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਨਿਕੇਤ ਸ਼ਾਹ ਹਰ ਮਸਲੇ 'ਚ ਬੁਰੀ ਤਰ੍ਹਾਂ ਘਿਰ ਚੁੱਕਿਆ ਹੈ।