ਲਾਹੌਰ: ਸ਼ਹੀਦ ਭਗਤ ਸਿੰਘ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਵੀ ਹੀਰੇ ਹਨ। ਗੁਆਂਢੀ ਮੁਲਕ ਵਿੱਚ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਇਨ੍ਹਾਂ ਸ਼ਹੀਦਾਂ ਨੂੰ ਭਾਰਤ ਤੇ ਪਾਕਿਤਸਤਾਨ ਦੇ ‘ਕੌਮੀ ਨਾਇਕ’ ਐਲਾਨਿਆ ਜਾਵੇ।

ਅੰਗਰੇਜ਼ ਹਕੂਮਤ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਸੀ। ਇੱਥੇ ਉਨ੍ਹਾਂ ਨੂੰ ਫ਼ਾਂਸੀ ਲਾਏ ਜਾਣ ਵਾਲੀ ਥਾਂ ਹੁਣ ਸ਼ਾਦਮਾਨ ਚੌਕ ਸਥਿਤ ਹੈ, ਜਿਥੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ (ਬੀਐਸਐਮਐਫ਼) ਤੇ ਭਗਤ ਸਿੰਘ ਫਾਊਂਡੇਸ਼ਨ ਪਾਕਿਸਤਾਨ (ਬੀਐਸਐਫ਼ਪੀ) ਨੇ ਵੱਖੋ-ਵੱਖਰੇ ਸ਼ਰਧਾਂਜਲੀ ਸਮਾਗਮ ਕੀਤੇ। ਇਸ ਮੌਕੇ ਸ਼ਹੀਦ-ਏ-ਆਜ਼ਮ ਦੇ ਕੁਝ ਰਿਸ਼ਤੇਦਾਰਾਂ ਨੇ ਟੈਲੀਫੋਨ ਰਾਹੀਂ ਸੰਬੋਧਨ ਵੀ ਕੀਤਾ।

ਬੀਐਸਐਮਐਫ਼ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਨੇ ਮਤੇ ਰਾਹੀਂ ਮੰਗ ਕੀਤੀ ਕਿ ਬਰਤਾਨੀਆ ਦੀ ਮਹਾਰਾਣੀ ਨੂੰ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਫਾਂਸੀ ਦੇਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲਾਹੌਰ ਦੀ ਇੱਕ ਸੜਕ ਸ਼ਹੀਦ ਦੇ ਨਾਂ ’ਤੇ ਰੱਖਣ, ਸ਼ਾਦਮਾਨ ਚੌਕ ਵਿੱਚ ਉਨ੍ਹਾਂ ਦਾ ਬੁੱਤ ਲਾਉਣ, ਸਕੂਲਾਂ ਵਿੱਚ ਜੀਵਨੀ ਪੜ੍ਹਾਏ ਜਾਣ ਤੇ ਸ਼ਹੀਦ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਨ ਦੀ ਮੰਗ ਵੀ ਕੀਤੀ।

ਬੀਐਸਐਫ਼ਪੀ ਦੇ ਪ੍ਰਧਾਨ ਅਬਦੁੱਲਾ ਮਲਿਕ ਨੇ ਕਿਹਾ, ‘‘ਸ਼ਹੀਦ ਭਗਤ ਸਿੰਘ ਨੇ ਸਾਮਰਾਜਵਾਦ ਖ਼ਿਲਾਫ਼ ਆਵਾਜ਼ ਉਠਾਈ ਸੀ। ਉਸ ਨੂੰ ਹਮੇਸ਼ਾ ਮਹਾਨ ਆਜ਼ਾਦੀ ਘੁਲਾਟੀਏ ਵਜੋਂ ਯਾਦ ਕੀਤਾ ਜਾਂਦਾ ਰਹੇਗਾ।’’ ਉਨ੍ਹਾਂ ਭਾਰਤੀ ਤੇ ਪਾਕਿਸਤਾਨੀ ਹਕੂਮਤਾਂ ਤੋਂ ਮੰਗ ਕੀਤੀ ਇਨ੍ਹਾਂ ਸ਼ਹੀਦਾਂ ਨੂੰ ‘ਕੌਮੀ ਨਾਇਕ’ ਐਲਾਨਿਆ ਜਾਵੇ।