ਨਵੀਂ ਦਿੱਲੀ: ਫੇਸਬੁਕ 'ਤੇ ਲੋਕਾਂ ਦੇ ਡਾਟਾ ਚੋਰੀ ਦੇ ਖ਼ੁਲਾਸੇ ਤੋਂ ਬਾਅਦ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਹੰਗਾਮਾ ਹੋ ਰਿਹਾ ਹੈ। ਡਾਟਾ ਚੋਰੀ ਬਾਰੇ ਰੋਜ਼ਾਨਾ ਨਵੇਂ ਖ਼ੁਲਾਸੇ ਕੀਤੇ ਜਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਫੇਸਬੁੱਕ ਨੂੰ ਇਸ ਮਾਮਲੇ ਦਾ ਤਿੰਨ ਸਾਲ ਤੋਂ ਪਤਾ ਸੀ।
ਬ੍ਰਿਟੇਨ ਦੇ ਅਖ਼ਬਾਰ 'ਦੀ ਗਾਰਡੀਅਨ' ਨੇ 11 ਦਸੰਬਰ 2015 ਨੂੰ ਇਸ ਦਾ ਖ਼ੁਲਾਸਾ ਕੀਤਾ ਸੀ ਕਿ ਫੇਸਬੁੱਕ ਤੇ ਕੈਂਬ੍ਰਿਜ ਐਨਾਲਿਟਿਕਾ ਵਿਚਾਲੇ ਈਮੇਲ ਐਕਸਚੇਂਜ ਹੋਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਫੇਸਬੁੱਕ ਨੂੰ ਇਸ ਬਾਰੇ ਜਾਣਕਾਰੀ ਸੀ।
ਫੇਸਬੁੱਕ ਦੇ ਫਾਊਂਡਰ ਮਾਰਕ ਜ਼ਕਰਬਰਗ ਨੇ ਗ਼ਲਤੀ ਭਾਵੇਂ ਮੰਨ ਲਈ ਹੈ। ਪਰ ਹੁਣ ਸਵਾਲ ਹੈ ਕਿ ਜੇਕਰ ਤਿੰਨ ਸਾਲ ਤੋਂ ਜ਼ਕਰਬਰਗ ਨੂੰ ਇਹ ਸਾਰਾ ਕੁੱਝ ਪਤਾ ਸੀ ਤਾਂ ਇਸ 'ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ।
ਕੈਂਬ੍ਰਿਜ ਐਨਾਲਿਟਿਕਾ ਦੇ ਡਾਟਾ ਲੀਕ ਖ਼ੁਲਾਸੇ ਤੋਂ ਬਾਅਦ ਮੁਲਕ ਵਿੱਚ ਵੀ ਹੰਗਾਮਾ ਹੋ ਰਿਹਾ ਹੈ। ਕਾਂਗਰਸ ਤੇ ਬੀਜੇਪੀ ਇੱਕ-ਦੂਜੇ 'ਤੇ ਕੈਂਬ੍ਰਿਜ ਐਨਾਲਿਟਿਕਾ ਦੀਆਂ ਸੇਵਾਵਾਂ ਲੈਣ ਦਾ ਇਲਜ਼ਾਮ ਲਾ ਰਹੀਆਂ ਹਨ। ਇਸ 'ਤੇ ਰਾਹੁਲ ਨੇ ਟਵੀਟ ਕੀਤਾ- ਦੇਸ਼ ਵਿੱਚ ਲੱਖਾਂ ਕੇਸ ਪੈਂਡਿੰਗ ਹਨ। ਜੱਜਾਂ ਦੀ ਨਿਯੁਕਤੀ ਨਹੀਂ ਹੋ ਰਹੀ ਅਤੇ ਕਾਨੂੰਨ ਮੰਤਰੀ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ।