ਨਵੀਂ ਦਿੱਲੀ: ਸਰਕਾਰ ਨੇ ਅੱਜ ਫੇਸਬੁਕ ਯੂਜ਼ਰਜ਼ ਦੇ ਡਾਟਾ ਚੋਰੀ ਮਾਮਲੇ ਵਿੱਚ ਕੈਂਬ੍ਰਿਜ ਐਨਾਲਿਟਿਕਾ ਨੂੰ ਨੋਟਿਸ ਜਾਰੀ ਕਰ ਕੇ 31 ਮਾਰਚ ਤੱਕ ਜਵਾਬ ਮੰਗਿਆ ਹੈ। ਸਰਕਾਰ ਨੇ ਕੈਂਬ੍ਰਿਜ ਐਨਾਲਿਟਿਕਾ ਤੋਂ ਪੁੱਛਿਆ ਹੈ ਕਿ ਕੀ ਉਹ ਭਾਰਤੀਆਂ ਦੇ ਡਾਟਾ ਦੇ ਗ਼ਲਤ ਇਸਤੇਮਾਲ ਵਿੱਚ ਸ਼ਾਮਿਲ ਸੀ। ਨੋਟਿਸ ਵਿੱਚ ਕੰਪਨੀ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਕਿਸ-ਕਿਸ ਨੇ ਉਸ ਦੀਆਂ ਸੇਵਾਵਾਂ ਲਈਆਂ ਹਨ। ਉਨ੍ਹਾਂ ਕੋਲ ਕਿਸ ਤਰ੍ਹਾਂ ਦੇ ਅੰਕੜੇ ਹਨ।
ਆਈ.ਟੀ. ਵਿਭਾਗ ਨੇ ਬਿਆਨ ਵਿੱਚ ਦੱਸਿਆ ਕਿ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਮਿਨੀਸਟਰੀ ਨੇ ਕੈਂਬ੍ਰਿਜ ਐਨਾਲਿਟਿਕਾ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਲੋਕਾਂ ਦੇ ਡਾਟਾ ਦੇ ਗ਼ਲਤ ਇਸਤੇਮਾਲ ਅਤੇ ਵੋਟਿੰਗ ਨੂੰ ਪ੍ਰਭਾਵਿਤ ਕਰਨ ਵਰਗਾ ਵੱਡਾ ਮਾਮਲਾ ਹੈ।
ਮੰਤਰਾਲੇ ਨੇ ਕੰਪਨੀ ਤੋਂ ਇਹ ਵੀ ਪੁੱਛਿਆ ਹੈ ਕਿ ਇਨਾਂ ਅੰਕੜਿਆਂ ਦੇ ਆਧਾਰ 'ਤੇ ਪ੍ਰੋਫਾਇਲ ਬਣਾਇਆ ਗਿਆ? ਇਸ ਤੋਂ ਪਹਿਲਾਂ ਇਸੇ ਹਫ਼ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਸ਼ਲ ਮੀਡੀਆ ਖੇਤਰ ਦੀ ਵੱਡੀ ਕੰਪਨੀ ਨੂੰ ਕਿਹਾ ਸੀ ਕਿ ਉਸ ਖਿਲਾਫ਼ ਵੀ ਐਕਸ਼ਨ ਲਿਆ ਜਾ ਸਕਦਾ ਹੈ।