ਨਵੀਂ ਦਿੱਲੀ: ਕੇਂਦਰੀ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਚੇਤਾਵਨੀ ਤੋਂ ਬਾਅਦ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਨੇ ਕਿਹਾ ਹੈ ਕਿ ਉਹ ਡੇਟਾ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਫੇਸਬੁੱਕ ਭਾਰਤੀ ਚੋਣਾਂ ਵਿੱਚ ਕੋਈ ਦਖਲ ਨਹੀਂ ਦੇਵਗੀ।
ਡੇਟਾ ਲੀਕ ਕਾਂਡ ਬਾਰੇ ਜ਼ਕਰਬਰਗ ਨੇ ਕਿਹਾ, "ਜੋ ਹੋਇਆ ਇਹ ਭਰੋਸੇ ਨੂੰ ਢਾਹ ਲਾਉਣ ਵਾਲਾ ਸੀ। ਇਸ ਲਈ ਅਸੀਂ ਮੁਆਫੀ ਮੰਗਦੇ ਹਾਂ। ਅਸੀਂ ਨਿੱਜਤਾ ਦੀ ਰਾਖੀ ਲਈ ਪਾਬੰਦ ਹਾਂ। ਭਵਿੱਖ ਵਿੱਚ ਕੰਪਨੀ ਅਜਿਹਾ ਕਦੇ ਨਹੀਂ ਹੋਣ ਦੇਵੇਗੀ।"
ਦਰਅਸਲ ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਨੂੰ ਬਲੌਕ ਕਰਨ ਦੀ ਚੇਤਾਵਨੀ ਦਿੱਤੀ ਹੈ। ਭਾਰਤ ਦੇ ਆਈਟੀ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜੇ ਫੇਸਬੁੱਕ ਨੇ ਭਾਰਤੀ ਚੋਣ ਅਮਲ ਨੂੰ ਕਿਸੇ ‘ਗ਼ਲਤ ਢੰਗ’ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸਾਦ ਦਾ ਇਹ ਬਿਆਨ ਫੇਸਬੁੱਕ ਵੱਲੋਂ ਡੇਟਾ ਲੀਕ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਆਇਆ।
ਇਸ 'ਤੇ ਫੇਸਬੁੱਕ ਦੇ ਤਰਜਮਾਨ ਨੇ ਕਿਹਾ ਸੀ, "ਮੰਤਰੀ ਰਵੀ ਸ਼ੰਕਰ ਨੇ ਅਹਿਮ ਸਵਾਲ ਉਠਾਏ ਹਨ। ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਅਸੀਂ ਇਸ ਮਾਮਲੇ ’ਚ ਸਰਕਾਰ ਨਾਲ ਰਾਬਤਾ ਰੱਖਾਂਗੇ ਤੇ ਅਸੀਂ ਲੋਕਾਂ ਦੀ ਸੂਚਨਾ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ।"