ਨਵੀਂ ਦਿੱਲੀ: ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਨੂੰ ਬਲੌਕ ਕਰਨ ਦੀ ਚੇਤਾਵਨੀ ਦਿੱਤੀ ਹੈ। ਭਾਰਤ ਦੇ ਆਈਟੀ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜੇ ਫੇਸਬੁੱਕ ਨੇ ਭਾਰਤੀ ਚੋਣ ਅਮਲ ਨੂੰ ਕਿਸੇ ‘ਗ਼ਲਤ ਢੰਗ’ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਵੀ ਸ਼ੰਕਰ ਪ੍ਰਸਾਦ ਦਾ ਇਹ ਬਿਆਨ ਫੇਸਬੁੱਕ ਉੱਪਰ ਯੂਜਰਜ਼ ਦੀ ਨਿੱਜਤਾ ਦੀ ਉਲੰਘਣ ਕਰਨ ਦੇ ਇਲਜ਼ਾਮਾਂ ਮਗਰੋਂ ਆਇਆ ਹੈ। ਇਸ ਬਾਰੇ ਅਮਰੀਕਾ ਤੇ ਬਰਤਾਨਵੀ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਹੈ।


ਪ੍ਰਸਾਦ ਨੇ ਕਿਹਾ, "ਅਸੀਂ ਸੋਸ਼ਲ ਮੀਡੀਆ ਉਤੇ ਵਿਚਾਰਾਂ ਦੇ ਖੁੱਲ੍ਹੇ ਪ੍ਰਗਟਾਵੇ ਦੇ ਹਾਮੀ ਹਾਂ ਪਰ ਫੇਸਬੁੱਕ ਸਮੇਤ ਸੋਸ਼ਲ ਮੀਡੀਆ ਵੱਲੋਂ ਭਾਰਤੀ ਚੋਣ ਅਮਲ ਨੂੰ ਕਿਸੇ ਵੀ ਗ਼ਲਤ ਢੰਗ ਨਾਲ ਪ੍ਰਭਾਵਿਤ ਕਰਨ ਦੀ ਕਿਸੇ ਵੀ ਲੁਕਵੀਂ ਜਾਂ ਜ਼ਾਹਰਾ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

ਉਨ੍ਹਾਂ ਫੇਸਬੁੱਕ ਤੇ ਇਸ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਖ਼ਬਰਦਾਰ ਕੀਤਾ ਕਿ ਜੇ ਕੋਈ ਵੀ ਗੜਬੜੀ ਕੀਤੀ ਗਈ ਤਾਂ ਸਰਕਾਰ ਆਈਟੀ ਐਕਟ ਤਹਿਤ ਸਖ਼ਤ ਕਾਰਵਾਈ ਕਰੇਗੀ। ਗ਼ੌਰਤਲਬ ਹੈ ਕਿ ਅਮਰੀਕਾ ਦੇ ਖ਼ੁਦਮੁਖ਼ਤਾਰ ਸਰਕਾਰੀ ਅਦਾਰੇ ਫੈਡਰਲ ਟਰੇਡ ਕਮਿਸ਼ਨ ਵੱਲੋਂ ਫੇਸਬੁੱਕ ਖ਼ਿਲਾਫ਼ ਆਪਣੀ ਹੀ ਨਿੱਜਤਾ ਨੀਤੀ ਦੇ ਉਲੰਘਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਕਦਮ ਇਨ੍ਹਾਂ ਮੀਡੀਆ ਰਿਪੋਰਟਾਂ ਪਿੱਛੋਂ ਚੁੱਕਿਆ ਗਿਆ ਹੈ ਕਿ ਫੇਸਬੁੱਕ ਨੇ ਕਥਿਤ ਤੌਰ ’ਤੇ ਲੱਖਾਂ ਅਮਰੀਕੀਆਂ ਦਾ ਡੇਟਾ ਇੱਕ ਸਿਆਸੀ ਸਲਾਹਕਾਰ ਸੰਸਥਾ ਨੂੰ ਮੁਹੱਈਆ ਕਰਵਾਇਆ ਸੀ। ਇਹ ਵੀ ਦੋਸ਼ ਹਨ ਕਿ ਕੈਂਬਰਿਜ ਐਨਾਲਿਟਿਕਾ ਨਾਮੀ ਅਦਾਰੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਮੁਹਿੰਮ ਲਈ ਫੇਸਬੁੱਕ ਤੋਂ ਹਾਸਲ ਡੇਟਾ ਦੀ ਵਰਤੋਂ ਕੀਤੀ ਸੀ। ਬਰਤਾਨੀਆ ਵਿੱਚ ਵੀ ਇਸ ਸਬੰਧੀ ਜਾਂਚ ਚੱਲ ਰਹੀ ਹੈ।