ਵਾਸ਼ਿੰਗਟਨ: ਅਮਰੀਕਾ ਤੇ ਇਰਾਨ ਵਿੱਚ ਤਲਖ਼ੀ ਵਧਦੀ ਜਾ ਰਹੀ ਹੈ। ਆਪਣਾ ਡਰੋਨ ਡੇਗੇ ਜਾਣ ਬਾਅਦ ਇਰਾਨ ਪ੍ਰਤੀ ਅਮਰੀਕਾ ਦਾ ਰੁਖ਼ ਹਮਲਾਵਰ ਹੋ ਗਿਆ ਹੈ। ਅਮਰੀਕਾ ਨੇ ਇਰਾਨ ਦੀ ਮਿਸਾਈਲ ਕੰਟਰੋਲ ਸਿਸਟਮ ਤੇ ਇੱਕ ਜਾਸੂਸੀ ਨੈੱਟਵਰਕ 'ਤੇ ਸਾਈਬਰ ਹਮਲੇ ਕੀਤੇ ਹਨ। ਅਮਰੀਕੀ ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਮੀਡੀਆ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਈਬਰ ਹਮਲੇ ਨਾਲ ਰਾਕੇਟ ਤੇ ਮਿਸਾਈਲ ਲਾਂਚ ਵਿੱਚ ਵਰਤੇ ਜਾਂਦੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਮਲੇ ਵਿੱਚ ਜਹਾਜ਼ਾਂ 'ਤੇ ਨਜ਼ਰ ਰੱਖਣ ਵਾਲੇ ਇੱਕ ਜਾਸੂਸੀ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ, ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।

ਰਣਨੀਤਕ ਹਾਰਮੂਜ਼ ਸਟ੍ਰੇਟ ਵਿੱਚ ਅਮਰੀਕਾ ਨੇ ਇਰਾਨ ਦੇ ਜਹਾਜ਼ਾਂ 'ਤੇ ਨਜ਼ਰ ਰੱਖਣ ਵਾਲੇ ਜਿਸ ਜਾਸੂਸੀ ਸਮੂਹ 'ਤੇ ਨਿਸ਼ਾਨਾ ਬਣਾਇਆ ਗਿਆ ਹੈ, ਇਲਜ਼ਾਮ ਹੈ ਕਿ ਹਾਲ ਹੀ ਵਿੱਚ ਇਰਾਨ ਨੇ ਇਸੇ ਥਾਂ ਦੋ ਵਾਰ ਉਸ ਦੇ ਤੇਲ ਟੈਂਕਰਾਂ 'ਤੇ ਹਮਲੇ ਕੀਤੇ ਸੀ।

ਦੱਸ ਦੇਈਏ ਇਰਾਨ ਦੇ ਪਰਮਾਣੂ ਸੌਦੇ ਤੋਂ ਅਮਰੀਕਾ ਦੇ ਬਾਹਰ ਨਿਕਲ ਜਾਣ ਬਾਅਦ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਕਰਾਰ ਵਧੀ ਹੋਈ ਹੈ। ਇਰਾਨ ਨੇ ਵੀਰਵਾਰ ਨੂੰ ਅਮਰੀਕਾ ਦਾ ਇੱਕ ਡਰੋਨ ਸੁੱਟ ਦਿੱਤਾ ਸੀ। ਇਰਾਨ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ ਡਰੋਨ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ।

ਇਰਾਨ ਦੀ ਇਸ ਹਰਕਤ ਪਿੱਛੋਂ ਅਮਰੀਕੀ ਰਾਸ਼ਟਰਪਤੀ ਨੇ ਇਰਾਨ 'ਤੇ ਹਮਲੇ ਦੇ ਹੁਕਮ ਦੇ ਦਿੱਤੇ ਸੀ ਪਰ ਵੱਡੀ ਗਿਣਤੀ ਲੋਕਾਂ ਦੇ ਮਰਨ ਦੇ ਡਰੋਂ ਐਨ ਮੌਕੇ 'ਤੇ ਉਨ੍ਹਾਂ ਆਪਣਾ ਹੁਕਮ ਵਾਪਿਸ ਲੈ ਲਿਆ ਸੀ। ਹਾਲਾਂਕਿ ਸ਼ਨੀਵਾਰ ਨੂੰ ਟਰੰਪ ਨੇ ਕਿਹਾ ਕਿ ਅਗਲੇ ਹਫ਼ਤੇ ਅਮਰੀਕਾ ਇਰਾਨ 'ਤੇ ਵੱਡੀਆਂ ਪਾਬੰਧੀਆਂ ਲਾਏਗਾ।