ਵਾਸ਼ਿੰਗਟਨ: ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਐਚ-1ਬੀ ਵੀਜ਼ਾ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਹ ਗੱਲ ਉਦੋਂ ਸਾਹਮਣੇ ਆਈ ਹੈ ਜਦ ਅਗਲੇ ਹਫ਼ਤੇ ਭਾਰਤ ਤੇ ਅਮਰੀਕਾ ਦਰਮਿਆਨ ਟੂ ਪਲੱਸ ਟੂ ਗੱਲਬਾਤ ਹੋਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਮਰੀਕਾ ਨਾਲ ਵਾਰਤਾ ਵਿੱਚ ਇਹ ਮੁੱਦਾ ਚੁੱਕੇਗੀ।


ਸੁਸ਼ਮਾ ਸਵਰਾਜ ਨੇ ਪਿਛਲੇ ਹਫ਼ਤੇ ਰਾਜ ਸਭਾ ਵਿੱਚ ਕਿਹਾ ਸੀ ਕਿ ਅਸੀਂ ਕਈ ਮੰਚਾਂ 'ਤੇ ਵਿਹਾਰਕ ਤੌਰ 'ਤੇ ਐਚ-1ਬੀ ਵੀਜ਼ਾ ਦਾ ਮੁੱਦਾ ਚੁੱਕਿਆ ਸੀ। ਵ੍ਹਾਈਟ ਹਾਊਸ, ਅਮਰੀਕੀ ਵਿਦੇਸ਼ ਵਿਭਾਗ ਤੇ ਉੱਥੋਂ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ 6 ਸਤੰਬਰ ਨੂੰ ਅਮਰੀਕਾ ਨਾਲ ਹੋਣ ਵਾਲੀ ਗੱਲਬਾਤ ਦੌਰਾਨ ਇਹ ਮੁੱਦਾ ਚੁੱਕਣ ਦੀ ਗੱਲ ਵੀ ਕਹੀ ਸੀ।

ਟਰੰਪ ਦੇ ਅਫ਼ਸਰ ਨੇ ਕਿਹਾ ਕਿ ਐਚ-1ਬੀ ਵੀਜ਼ਾ ਸਬੰਧੀ ਪ੍ਰਸ਼ਾਸਨ ਦੇ ਐਗ਼ਜ਼ੀਕਿਊਟਿਵ ਆਰਡਰ ਦਾ ਬੋਰਡ ਰੀਵਿਊ ਕੀਤਾ ਜਾ ਰਿਹਾ ਹੈ ਪਰ ਅਧਿਕਾਰੀ ਮੁਤਾਬਕ ਅਮਰੀਕੀ ਸਰਕਾਰ ਵੀਜ਼ਾ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਕਰਨ ਜਾ ਰਹੀ। ਇਹ ਭਾਰਤ ਲਈ ਕਾਫੀ ਅਹਿਮ ਹੋਵੇਗਾ।

ਜ਼ਿਕਰਯੋਗ ਹੈ ਕਿ ਐਚ-1ਬੀ ਵੀਜ਼ਾ ਵੱਧ ਤੋਂ ਵੱਧ ਛੇ ਸਾਲ ਤਕ ਦਾ ਮਿਲਦਾ ਹੈ। ਸ਼ੁਰੂਆਤ ਵਿੱਚ ਵੀਜ਼ਾ ਤਿੰਨ ਸਾਲ ਦਾ ਵੀਜ਼ਾ ਮਿਲਦਾ ਹੈ, ਪਰ ਬਾਅਦ ਵਿੱਚ ਇਸ ਨੂੰ ਵਧਾਇਆ ਜਾ ਸਕਦਾ ਹੈ। ਇਹ ਵੀਜ਼ਾ ਭਾਰਤੀ ਆਈਟੀ ਮਾਹਰਾਂ ਵਿੱਚ ਬੇਹੱਦ ਪ੍ਰਸਿੱਧ ਹੈ। ਸਾਲ 2007 ਤੋਂ 2017 ਤਕ ਕੁੱਲ ਭਾਰਤੀਆਂ ਨੇ ਐਚ-1ਬੀ ਵੀਜ਼ਾ ਲਈ 22 ਲੱਖ ਅਰਜ਼ੀਆਂ ਭੇਜੀਆਂ ਸਨ।