ਨਵੀਂ ਦਿੱਲੀ: ਰੂਸ ਤੋਂ ਨਵੇਂ ਹਥਿਆਰ ਖਰੀਦਣ ਜਾ ਰਹੇ ਭਾਰਤ ਨੂੰ ਅਮਰੀਕਾ ਨੇ ਇੱਕ ਵਾਰ ਫਿਰ ਧਮਕੀ ਦਿੱਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਜੇਕਰ ਰੂਸ ਤੋਂ ਹਥਿਆਰ ਖਰੀਦਦਾ ਹੈ ਤਾਂ ਉਹ ਸਾਡੀਆਂ ਪਾਬੰਦੀਆਂ ਤੋਂ ਮੁਕਤ ਰੱਖੇ ਜਾਣ ਦੀ ਗਾਰੰਟੀ ਦੀ ਉਮੀਦ ਨਾ ਰੱਖੇ।


ਦਰਅਸਲ, ਭਾਰਤ ਆਪਣੇ ਪੁਰਾਣੇ ਸਹਿਯੋਗੀ ਦੇਸ਼ ਰੂਸ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ ਐਸ-400 ਮਿਸਾਇਲ ਸਿਸਟਮ ਸਮੇਤ ਹੋਰ ਵੀ ਕਈ ਹਥਿਆਰ ਖਰੀਦਣ ਦੀ ਸੋਚ ਰਿਹਾ ਹੈ। ਅਮਰੀਕਾ ਦੇ ਮੌਜੂਦਾ ਨਿਯਮ ਕਹਿੰਦੇ ਹਨ ਕਿ ਜੇਕਰ ਕੋਈ ਦੇਸ਼ ਰੂਸ ਤੋਂ ਰੱਖਿਆ ਜਾਂ ਇੰਟੈਲੀਜੈਂਸ ਖੇਤਰ ਵਿੱਚ ਕੋਈ ਸੌਦਾ ਕਰਦਾ ਹੈ ਤਾਂ ਉਸ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਹਾਲਾਂਕਿ, ਅਮਰੀਕੀ ਸੰਸਦ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਇਹ ਵਿਸ਼ੇਸ਼ ਅਧਿਕਾਰ ਦੇ ਰੱਖਿਆ ਹੈ ਕਿ ਉਹ ਚਾਹੁਣ ਤਾਂ ਰੂਸ ਨਾਲ ਸੌਦਾ ਕਰਨ ਵਾਲੇ ਸਹਿਯੋਗੀ ਦੇਸ਼ਾਂ ਨੂੰ ਪਾਬੰਦੀਆਂ ਤੋਂ ਮੁਕਤ ਹੋ ਸਕਦਾ ਹੈ। ਪੈਂਟਾਗਨ ਵਿੱਚ ਏਸ਼ੀਆ ਤੇ ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਮੰਤਰੀ ਰੈਂਡਲ ਸਕ੍ਰੀਵਰ ਨੇ ਕਿਹਾ ਕਿ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਭਾਰਤ ਕਿਸੇ ਨਾਲ ਵੀ ਰੱਖਿਆ ਸਮਝੌਤਾ ਕਰੇ, ਉਸ ਨੂੰ ਅਮਰੀਕਾ ਵੱਲੋਂ ਛੋਟ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਰੂਸ ਤੋਂ ਖਰੀਦੇ ਜਾਣ ਵਾਲੇ ਸੁਰੱਖਿਆ ਉਪਕਰਣਾਂ ਨਾਲ ਬੈਲਿਸਟਿਕ ਮਿਸਾਇਲਾਂ ਤੋਂ ਬਚਿਆ ਜਾ ਸਕੇਗਾ। ਇਹ ਐਸ-400 ਮਿਸਾਇਲਾਂ ਦੁਸ਼ਮਣਾਂ ਦੇ ਲੜਾਕੂ ਜਹਾਜ਼ਾਂ, ਮਿਸਾਇਲਾਂ ਤੇ ਡ੍ਰੋਨਾਂ ਨੂੰ ਅੱਖ ਦੇ ਫੋਰ ਵਿੱਚ ਹੀ ਤਬਾਹ ਕਰਨ ਦੇ ਸਮਰੱਥ ਹੈ। ਇਸ ਸਿਸਮਟ ਨਾਲ ਭਾਰਤ ਗੁਆਂਢੀ ਮੁਲਕ ਚੀਨ ਨਾਲ ਲਗਦੀ ਆਪਣੀ ਚਾਰ ਹਜ਼ਾਰ ਕਿਲੋਮੀਟਰ ਲੰਮੀ ਸਰਹੱਦ 'ਤੇ ਫ਼ੌਜੀ ਸਮਰੱਥਾ ਨੂੰ ਵਧਾਉਣ ਲਈ ਕਾਫੀ ਅਹਿਮ ਹੈ।