ਨਵੀਂ ਦਿੱਲੀ: ਆਰਥਕ ਤੰਗੀ ਵਿੱਚੋਂ ਲੰਘ ਰਹੇ ਪਾਕਿਸਤਾਨ ਲਈ ਕਾਫੀ ਬੁਰੀ ਖ਼ਬਰ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਪਾਕਿਸਤਾਨ ਨੂੰ ਦਹਿਸ਼ਤਗ਼ਰਦਾਂ ਵਿਰੁੱਧ ਕਾਰਵਾਈ ਕਰਨ ਲਈ ਦਿੱਤੀ ਜਾਣ ਵਾਲੀ 300 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਰੱਦ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜਾਰੀ ਕੀਤੀ ਅਮਰੀਕੀ ਮਦਦ ਨਾਲ ਪਾਕਿਸਤਾਨ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਨੂੰ ਇਸ ਸਬੰਧੀ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਸਨ।


ਫੈਸਲੇ 'ਤੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਪਾਕਿਸਤਾਨ ਕਾਰਵਾਈ ਕਰਨ ਦੀ ਥਾਂ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾ ਰਿਹਾ ਹੈ। ਇਹ ਅੱਤਵਾਦੀ ਪਿਛਲੇ 17 ਸਾਲਾਂ ਤੋਂ ਗੁਆਂਢੀ ਦੇਸ਼ ਅਫ਼ਗਾਨਿਸਤਾਨ ਵਿੱਚ ਦਹਿਸ਼ਤ ਫੈਲਾ ਰਹੇ ਹਨ। ਹਾਲਾਂਕਿ, ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਾਕਿਸਤਾਨ ਆਪਣੇ ਵਤੀਰੇ ਵਿੱਚ ਬਦਲਾਅ ਲਿਆਉਂਦਾ ਹੈ ਤਾਂ ਇਹ ਮਦਦ ਮੁੜ ਤੋਂ ਸ਼ੁਰੂ ਕੀਤੇ ਜਾਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਜ਼ਿਕਰਯੋਗਹ ਹੈ ਕਿ ਪਾਕਿਸਤਾਨ ਪਿਛਲੇ ਸਮੇਂ ਤੋਂ ਆਰਥਕ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੇਸ਼ ਨੂੰ ਆਰਥਕ ਸੰਕਟ ਵਿੱਚੋਂ ਕੱਢਣ ਦੀ ਹੈ। ਇਮਰਾਨ ਖ਼ਾਨ ਨੇ ਸਰਕਾਰੀ ਖ਼ਰਚਿਆਂ ਵਿੱਚ ਕਟੌਤੀ ਕਰਨ ਦੇ ਕਦਮ ਵੀ ਚੁੱਕੇ ਹਨ। ਪਾਕਿਸਤਾਨ ਪਹਿਲਾਂ ਤੋਂ ਹੀ ਦੁਨੀਆਂ ਦੀਆਂ ਕਈ ਸੰਸਥਾਵਾਂ ਤੇ ਦੇਸ਼ਾਂ ਦਾ ਕਰਜ਼ ਹੈ ਅਤੇ ਹੁਣ ਉਸ ਨੂੰ ਹੋਰ ਕਰਜ਼ ਮਿਲਣਾ ਵੀ ਔਖਾ ਹੈ। ਅਜਿਹੇ ਵਿੱਚ ਅਮਰੀਕਾ ਵੱਲੋਂ ਮਦਦ ਵਾਪਸ ਲੈਣ ਦਾ ਫੈਸਲਾ ਪਾਕਿਸਤਾਨ ਦੇ ਜ਼ਖ਼ਮਾਂ ਨੂੰ ਉਚੇੜਨ ਵਾਲਾ ਹੈ।