ਰਿਆਦ: ਖਾੜੀ ਦੇਸ਼ਾਂ ਵਿਚਾਲੇ ਚੱਲ ਰਹੇ ਸਿਆਸੀ ਵਿਵਾਦ ਦੇ ਚੱਲਦਿਆਂ ਸਾਊਦੀ ਅਰਬ ਦੇ ਅਧਿਕਾਰੀ ਨੇ ਇਸ਼ਾਰਾ ਦਿੱਤਾ ਹੈ ਕਿ ਦੇਸ਼ ਇੱਕ ਅਜਿਹੀ ਨਹਿਰ ਦੀ ਖੁਦਾਈ ਕਰ ਰਿਹਾ ਹੈ ਜੋ ਗੁਆਂਢੀ ਦੇਸ਼ ਕਤਰ ਨੂੰ ਇੱਕ ਟਾਪੂ ਵਿੱਚ ਤਬਦੀਲ ਕਰ ਦਏਗੀ। ਸਾਊਦੀ ਅਰਬ ਦੇ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਸੀਨੀਅਰ ਸਲਾਹਕਾਰ ਸਊਦ ਅਲ ਕਹਤਾਨੀ ਨੇ ਦੱਸਿਆ ਕਿ ਉਹ ਸਲਵਾ ਟਾਪੂ ਯੋਜਨਾ ਦੇ ਲਾਗੂ ਹੋਣ ਦੀ ਜਾਣਕਾਰੀ ਦੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਜੋ ਇਸ ਖੇਤਰ ਦੀ ਭੂਗੋਲਕ ਸਥਿਤੀ ਬਦਲ ਦੇਵੇਗਾ।
ਦੱਸਿਆ ਜਾਂਦਾ ਹੈ ਕਿ ਇਸ ਯੋਜਨਾ ਦੇ ਲਾਗੂ ਹੋਣ ਦੇ ਬਾਅਦ ਸਾਊਦੀ ਅਰਬ ਤੋਂ ਕਤਰ ਬਿਲਕੁਲ ਵੱਖਰਾ ਹੋ ਜਾਏਗਾ। ਪਿਛਲੇ 14 ਮਹੀਨਿਆਂ ਤੋਂ ਸਾਊਦੀ ਅਰਬ ਤੇ ਕਤਰ ਵਿਚਾਲੇ ਤਣਾਓ ਦੀ ਸਥਿਤੀ ਬਣੀ ਹੋਈ ਹੈ ਜਿਸ ਵਿੱਚ ਇਹ ਯੋਜਨਾ ਵਿਵਾਦ ਦਾ ਨਵਾਂ ਕਾਰਨ ਬਣੇਗੀ।
ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਹਰੀਨ ਤੇ ਮਿਸਰ ਨੇ ਕਤਰ ’ਤੇ ਅੱਤਵਾਦ ਪੱਖੀ ਹੋਣ ਤੇ ਈਰਾਨ ਦੇ ਬੇਹੱਦ ਕਰੀਬ ਹੋਣ ਦਾ ਇਲਜ਼ਾਮ ਲਾਇਆ। ਜੂਨ, 2017 ਵਿੱਚ ਸਾਊਦੀ ਅਰਬ ਨੇ ਕਤਰ ਨਾਲ ਕੁਟਨੀਤਕ ਤੇ ਕਾਰੋਬਾਰੀ ਸਬੰਧ ਖ਼ਤਮ ਕਰ ਦਿੱਤੇ ਸੀ। ਕਤਰ ਇਸ ਇਲਜ਼ਾਮ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ।
ਇਸੇ ਸਾਲ ਅਪ੍ਰੈਲ ਵਿੱਚ ਸਰਕਾਰ ਸਮਰਥਿਤ ਸਬਕ ਸਮਾਚਾਰ ਵੈਬਸਾਈਟ ਦੀ ਰਿਪੋਰਟ ਆਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸਰਕਾਰ 60 ਕਿਲੋਮੀਟਰ ਲੰਮੀ ਤੇ 200 ਮੀਟਰ ਚੌੜੀ ਨਹਿਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਜੋ ਕਤਰ ਦੇ ਨਾਲ ਦੇਸ਼ ਦੀ ਹੱਦ ਤਕ ਹੋਏਗੀ। ਇਸ ਯੋਜਨਾ ਸਬੰਧੀ ਸਾਊਦੀ ਅਰਬ ਦੇ ਅਧਿਕਾਰੀਆਂ ਅਜੇ ਕੋਈ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਕਤਰ ਵੱਲੋਂ ਅਜੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਆਈ ਹੈ।