ਸਿੱਖ ’ਤੇ ਹਮਲਾ ਕਰਨ ਵਾਲੇ ਅਮਰੀਕੀ ਨੂੰ ਕੈਦ
ਏਬੀਪੀ ਸਾਂਝਾ | 19 Dec 2018 04:58 PM (IST)
ਨਿਊਯਾਰਕ: ਅਮਰੀਕਾ ਦੇ ਸਿਆਟਲ ਵਿੱਚ ਪਿਛਲੇ ਸਾਲ ਭਾਰਤੀ ਮੂਲ ਦੇ 53 ਸਾਲਾ ਸਿੱਖ ਕੈਬ ਡਰਾਈਵਰ ’ਤੇ ਹਥੌੜੇ ਨਾਲ ਵਾਰ ਕਰਨ ਦੇ ਦੋਸ਼ ਵਿੱਚ ਅਮਰੀਕੀ ਨਾਗਰਿਕ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸਿੱਖ ਮਨੁੱਖੀ ਅਧਿਕਾਰ ਸਮੂਹ ‘ਦ ਸਿੱਖ ਕੋਲੀਜ਼ਨ’ ਮੁਤਾਬਕ ਰਾਰੀ ਬੈਨਸਨ ਨਾਂ ਦੇ ਅਮਰੀਕੀ ਨੇ ਦਸੰਬਰ, 2017 ਵਿੱਚ ਸਵਰਨ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਸੀ। ਬੈਨਸਨ ਨੇ ਸਿਆਟਲ ਦੀ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਹੀ ਆਪਣਾ ਜ਼ੁਰਮ ਕਬੂਲਿਆ ਹੈ। ਅਦਾਲਤ ਨੇ ਉਸ ਨੂੰ 15 ਮਹੀਨਿਆ ਲਈ ਜੇਲ੍ਹ ਭੇਜਿਆ ਹੈ। ‘ਦ ਸਿੱਖ ਕੋਲੀਜ਼ਨ’ ਮੁਤਾਬਕ ਸਵਰਨ ਸਿੰਘ ਬੈਨਸਨ ਤੇ ਉਸ ਦੀ ਮਾਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ। ਇਸੇ ਦੌਰਾਨ ਬੈਨਸਨ ਨੇ ਸਵਰਨ ਸਿੰਘ ’ਤੇ ਹਮਲਾ ਕਰ ਦਿੱਤਾ। ਬੈਨਸਨ ਸਵਰਨ ਸਿੰਘ ਨਾਲ ਦੀ ਸੀਟ ’ਤੇ ਬੈਠਾ ਸੀ। ਉਸ ਨੇ ਸਿੰਘ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਦੀ ਪੱਗ ’ਤੇ ਵੀ ਵਾਰ ਕੀਤੇ ਸੀ।