ਵਾਸ਼ਿੰਗਟਨ: ਅਮਰੀਕਾ ਵਿੱਚ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਲੁੱਟ ਦੀ ਕੋਸ਼ਿਸ਼ ਦੌਰਾਨ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਹੋਰ ਭਾਰਤੀ ਜ਼ਖਮੀ ਹੋ ਗਿਆ। ਭਾਰਤੀ ਮੂਲ ਦਾ ਇਹ ਵਿਦਿਆਰਥੀ ਅਮਰੀਕਾ ਵਿੱਚ ਬੰਦੂਕਾਂ ਨਾਲ ਹੋਣ ਵਾਲੀ ਹਿੰਸਾ ਦਾ ਨਵਾਂ ਸ਼ਿਕਾਰ ਹੈ। ਸੀਬੀਐਸ ਨਿਊਜ਼ ਦੀ ਰਿਪੋਰਟ ਮੁਤਾਬਕ 19 ਸਾਲ ਦੇ ਅਰਸ਼ਦ ਵੋਹਰਾ ਦੀ ਕੱਲ੍ਹ ਸ਼ਿਕਾਗੋ ਦੇ ਡੋਲਟਨ ਦੇ ਲੈਂਗਲੀ ਵਿੱਚ ਕਲਾਰਕ ਗੈਸ ਸਟੇਸ਼ਨ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਸਟੋਰ ਅੰਦਰ ਲੁੱਟ ਦੀ ਕੋਸ਼ਿਸ਼ ਦੌਰਾਨ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਪੁਲਿਸ ਨੇ ਦੱਸਿਆ ਕਿ ਬਾਕਰ ਸਈਦ ਨਾਮ ਦਾ ਦੂਜਾ ਪੀੜਤ ਗੰਭੀਰ ਜ਼ਖਮੀ ਹੋ ਗਿਆ। ਅਰਸ਼ਦ ਤੇ ਬਾਕਰ ਦੋਵੇਂ ਰਿਸ਼ਤੇਦਾਰ ਹਨ। ਪੁਲਿਸ ਰਿਪੋਰਟ ਵਿੱਚ ਅਰਸ਼ਦ ਦੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉਹ ਗੈਸ ਸਟੇਸ਼ਨ 'ਤੇ ਆਪਣੇ ਪਰਿਵਾਰ ਲਈ ਗੈਸ ਰਿਹਾ ਸੀ। ਅਰਸ਼ਦ ਦੇ ਰਿਸ਼ਤੇਦਾਰ ਅਬਦੁਲ ਵੋਹਰਾ ਨੇ ਕਿਹਾ ਕਿ ਹੱਤਿਆ ਬੜੀ ਹੀ ਬੇਰਹਿਮੀ ਨਾਲ ਕੀਤੀ ਗਈ ਹੈ। ਅਬਦੁਲ ਨੇ ਕਿਹਾ ਕਿ ਅਰਸ਼ਦ ਪਰਿਵਾਰ ਵਿੱਚ ਸਭ ਤੋਂ ਵੱਡਾ ਸੀ ਤੇ ਕਾਫੀ ਸਮਝਦਾਰ ਲੜਕਾ ਸੀ। ਉਹ ਆਪਣੇ ਪਿਤਾ ਲਈ ਗੈਸ ਭਰਵਾ ਰਿਹਾ ਸੀ, ਕਿਉਂਕਿ ਉਸ ਦੇ ਪਿਤਾ ਦੇਸ਼ ਤੋਂ ਬਾਹਰ ਸਨ। ਪਰਿਵਾਰ ਨੇ ਕਿਹਾ ਕਿ ਅਰਸ਼ਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਅਰਸ਼ਦ ਦੱਖਣੀ ਉਪ ਨਗਰੀ ਕਾਲਜ ਵਿੱਚ ਵਪਾਰ ਪ੍ਰਬੰਧਨ ਦੀ ਪੜ੍ਹਾਈ ਕਰ ਰਿਹਾ ਸੀ। ਇਸ ਘਟਨਾ ਵੇਲੇ ਅਰਸ਼ਦ ਦੇ ਪਿਤਾ ਭਾਰਤ ਆਏ ਹੋਏ ਸਨ। ਪੁਲਿਸ ਗੈਸ ਸਟੇਸ਼ਨ ਤੋਂ ਮਿਲੀ ਵੀਡੀਓ ਫੁਟੇਜ਼ ਖੰਗਾਲ ਰਹੀ ਹੈ ਤੇ ਲੁੱਟ ਦੌਰਾਨ ਕੀਤੀ ਗਈ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਪੈਦਲ ਹੀ ਆਏ ਤੇ ਕਤਲ ਕਾਰਨ ਮਗਰੋਂ ਪੈਦਲ ਹੀ ਉੱਥੋਂ ਭੱਜ ਗਏ। ਹਮਲਾਵਰਾਂ ਬਾਰੇ ਇਤਲਾਹ ਦੇਣ ਤੇ ਪੁਲਿਸ ਦੀ ਮਦਦ ਕਰਨ ਵਾਲੇ ਲਈ 12,000 ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਹੈ।