ਸਿਓਲ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਫਿਰ ਧਮਕੀ ਦਿੱਤੀ ਹੈ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਤੇ ਉਸ ਦੇ ਭਾਈਵਾਲਾਂ ਨੇ ਉਸ ਨੂੰ ਬਲੈਕਮੇਲ ਕਰਨਾ ਤੇ ਉਸ ਦੇ ਦਰ ’ਤੇ ਜੰਗੀ ਮਸ਼ਕਾਂ ਬੰਦ ਨਾ ਕੀਤੀਆਂ ਤਾਂ ਉਹ ਆਪਣੇ ਪਰਮਾਣੂ ਹਥਿਆਰਾਂ ਨੂੰ ਕਦੀ ਨਹੀਂ ਛੱਡੇਗਾ। ਉੱਤਰੀ ਕੋਰੀਆ ਨੇ ਇਸ ਸਾਲ ਸਤੰਬਰ ਮਹੀਨੇ ਆਪਣਾ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਪ੍ਰੀਖਣ ਕੀਤਾ ਸੀ ਤੇ ਜੁਲਾਈ ਤੇ ਨਵੰਬਰ ਮਹੀਨੇ ਤਿੰਨ ਅੰਤਰ-ਦੀਪੀ ਬੈਲਿਸਟਿਕ ਮਿਸਾਈਲਾਂ ਦੀ ਅਜ਼ਮਾਇਸ਼ ਕੀਤੀ ਸੀ। ਉੱਤਰੀ ਕੋਰੀਆ ਇਹ ਸੰਕੇਤ ਦੇਣਾ ਚਾਹੁੰਦਾ ਸੀ ਉਹ ਅਜਿਹੀਆਂ ਪ੍ਰਮਾਣੂ ਮਿਸਾਈਲਾਂ ਬਣਾਉਣ ਦੇ ਨੇੜੇ ਹੈ, ਜੋ ਅਮਰੀਕੀ ਧਰਤੀ ਨੂੰ ਫੁੰਡ ਸਕਦੀਆਂ ਹਨ। ਇਨ੍ਹਾਂ ਮਿਸਾਈਲਾਂ ਦੀ ਅਜ਼ਮਾਇਸ਼ ਮਗਰੋਂ ਕੌਮਾਂਤਰੀ ਭਾਈਚਾਰੇ ਵੱਲੋਂ ਉੱਤਰੀ ਕੋਰੀਆ ’ਤੇ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਦਬਾਅ ਪੈਣਾ ਸ਼ੁਰੂ ਹੋ ਗਿਆ। ਅਮਰੀਕਾ ਤੇ ਦੱਖਣੀ ਕੋਰੀਆ ਨੇ ਫ਼ੈਸਲਾ ਕੀਤਾ ਸੀ ਕਿ ਜਦ ਉੱਤਰੀ ਕੋਰੀਆ ਆਪਣੇ ਪ੍ਰਮਾਣੂ ਹਥਿਆਰ ਤੇ ਮਿਸਾਈਲ ਪ੍ਰੋਗਰਾਮ ਨੂੰ ਬੰਦ ਨਹੀਂ ਕਰ ਦਿੰਦਾ, ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਉੱਤਰ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਉੱਤਰ ਕੋਰੀਆ ਨੇ ਸਾਰੇ ਕਦਮ ਆਤਮ ਸੁਰੱਖਿਆ ਤੇ ਸੰਭਾਵੀ ਪ੍ਰਮਾਣੂ ਹਮਲਿਆਂ ਦੇ ਮੱਦੇਨਜ਼ਰ ਚੁੱਕੇ ਹਨ, ਪਰ ਜੇਕਰ ਅਮਰੀਕਾ ਤੇ ਉਸ ਦੇ ਭਾਈਵਾਲਾਂ ਨੇ ਉਨ੍ਹਾਂ ਨੂੰ ਪ੍ਰਮਾਣੂ ਧਮਕੀਆਂ ਦੇਣੀਆਂ, ਬਲੈਕਮੇਲ ਕਰਨਾ ਤੇ ਜੰਗੀ ਮਸ਼ਕਾਂ ਜਾਰੀ ਰੱਖੀਆਂ ਤਾਂ ਉਹ ਆਪਣਾ ਪ੍ਰੋਗਰਾਮ ਜਾਰੀ ਰੱਖੇਗਾ। ਉੱਤਰ ਕੋਰੀਆ ਨੇ ਦੋਸ਼ ਲਾਇਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ’ਤੇ ਸਖ਼ਤ ਪਾਬੰਦੀਆਂ ਲਾਈਆਂ ਤੇ ਉਨ੍ਹਾਂ ਨੂੰ ਗੱਲਬਾਤ ਤੋਂ ਪਹਿਲਾਂ ਹੀ ਹਮਲੇ ਕਰਨ ਦੀਆਂ ਧਮਕੀਆਂ ਦਿੱਤੀਆਂ।