ਅਮਰੀਕੀ ਸਿੱਖ ਕੈਲੇਫੋਰਨੀਆ ਦੀ ਰੋਜ਼ ਪਰੇਡ 'ਚ ਕਰਨਗੇ 'ਲੰਗਰ' ਨੂੰ ਸ਼ਾਮਲ
ਏਬੀਪੀ ਸਾਂਝਾ | 30 Dec 2017 06:19 PM (IST)
ਵਾਸ਼ਿੰਗਟਨ: ਸਾਊਥ ਕੈਲੇਫੋਰਨੀਆ ਵਿੱਚ ਨਵੇਂ ਸਾਲ ਮੌਕੇ ਹੋਣ ਵਾਲੀ ਰੋਜ਼ ਪਰੇਡ ਵਿੱਚ ਅਮਰੀਕਾ ਵਿੱਚ ਰਹਿਣ ਵਾਲੇ ਸਿੱਖ 'ਲੰਗਰ ਸੇਵਾ' ਦੀ ਝਾਕੀ ਕੱਢ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਗੇ। ਅਮਰੀਕਾ ਦੀ ਇਸ 129 ਸਾਲ ਪੁਰਾਣੀ ਪਰੰਪਰਾ ਨੂੰ 'ਟੂਰਨਾਮੈਂਟ ਆਫ਼ ਰੋਜ਼ਿਜ਼' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਕਰੀਬ 10 ਲੱਖ ਲੋਕ ਸ਼ਾਮਲ ਹੁੰਦੇ ਹਨ। ਇਸ ਦਾ ਪੂਰੇ ਅਮਰੀਕਾ ਵਿੱਚ ਸਿੱਧਾ ਟੈਲੀਕਾਸਟ ਕੀਤਾ ਜਾਂਦਾ ਹੈ। ਸਿੱਖ ਕੋਏਲਿਸ਼ਨ ਨਾਂਅ ਦੀ ਇੱਕ ਜਥੇਬੰਦੀ ਨੇ ਦੱਸਿਆ ਕਿ ਝਾਕੀ ਨਾਲ ਪੰਜਾਬ ਦੀ ਖ਼ੂਬੀਆਂ ਲੋਕਾਂ ਤੱਕ ਪੁੱਜਣਗੀਆਂ। ਝਾਕੀ ਵਿੱਚ ਇੱਕ ਲੰਗਰ ਹਾਲ ਵਿੱਚ 90,959 ਫੁੱਲਾਂ ਅਤੇ 500 ਪਾਊਂਡ ਵਜ਼ਨੀ ਸਬਜ਼ੀਆਂ ਨੂੰ ਵਿਖਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ। ਇਸ ਵਿੱਚ ਇੱਕ ਇੱਟਾਂ ਦੀ ਦੀਵਾਰ ਵੀ ਵਿਖਾਈ ਜਾਵੇਗੀ। ਦਰਬਾਰ ਸਾਹਿਬ ਵਰਗੀਆਂ ਗੁੰਬਦਾਂ ਵੀ ਨਜ਼ਰ ਆਉਣਗੀਆਂ। ਇਹ ਲਗਾਤਾਰ ਚੌਥਾ ਸਾਲ ਹੋਵੇਗਾ ਜਦ ਕੈਲੇਫੋਰਨੀਆ ਦੀ ਰੋਜ਼ ਪਰੇਡ ਵਿੱਚ ਸਿੱਖਾਂ ਦੀ ਝਾਕੀ ਸ਼ਾਮਿਲ ਹੋਵੇਗੀ। ਇਹ ਜ਼ੁੰਮੇਵਾਰੀ ਸਾਂਭ ਰਹੇ ਭਨਜੀਤ ਸਿੰਘ ਨੇ ਦੱਸਿਆ ਕਿ ਕੈਲੇਫੋਰਨੀਆ ਵਿੱਚ ਮੇਰਾ ਹਮੇਸ਼ਾ ਇੱਕ ਸੁਫ਼ਨਾ ਰਿਹਾ ਹੈ ਕਿ ਟੂਰਨਾਮੈਂਟ ਆਫ਼ ਰੋਜ਼ ਪਰੇਡ ਵਿੱਚ ਇੱਕ ਸਿੱਖ ਝਾਕੀ ਵੀ ਸ਼ਾਮਲ ਹੋਵੇ।