ਉੱਘੇ ਲਿਖਾਰੀ ਅਤੇ ਭਾਰਤੀ ਮੂਲ ਦੇ ਮੈਜਿਸਟ੍ਰੇਟ ਕੌਂਸਲਰ ਰਣਜੀਤ ਧੀਰ ਨੂੰ ਬਰਤਾਨੀਆ ਸਰਕਾਰ ਪ੍ਰਤੀ ਸ਼ਾਨਾਮੱਤੀਆਂ ਸੇਵਾਵਾਂ ਲਈ ਮਹਾਰਾਣੀ ਐਲਿਜ਼ਬੈਥ ਵੱਲੋਂ ਸਨਮਾਨਤ ਕੀਤਾ ਗਿਆ ਹੈ। ‘ਲੰਡਨ ਗਜ਼ਟ’ ਮੁਤਾਬਕ ਰਣਜੀਤ ਧੀਰ 1982 ਵਿੱਚ ਪਹਿਲੀ ਵਾਰ ਈਲਿੰਗ ਤੋਂ ਕੌਂਸਲਰ ਚੁਣੇ ਗਏ ਸਨ ਅਤੇ ਪਿਛਲੇ 35 ਵਰ੍ਹਿਆਂ ਦੌਰਾਨ ਉਨ੍ਹਾਂ ਨੇ ਅੱਠ ਸਥਾਨਕ ਚੋਣਾਂ ਜਿੱਤੀਆਂ ਹਨ। ਸਥਾਨਕ ਸਰਕਾਰ ਵਿੱਚ ਸੇਵਾਵਾਂ ਲਈ ਸ੍ਰੀ ਧੀਰ (75) ਦਾ ‘ਨਿਊ ਯੀਅਰ ਆਨਰਜ਼ ਲਿਸਟ 2018’ ਵਿੱਚ ਨਾਂ ਸ਼ਾਮਲ ਹੈ। ਉਨ੍ਹਾਂ ਵੱਲੋਂ ਕਈਆਂ ਕਮੇਟੀਆਂ, ਸਕੂਲ ਬੋਰਡਾਂ ਅਤੇ ਜਨਤਕ ਅਦਾਰਿਆਂ ਦੇ ਚੇਅਰਮੈਨ ਤੋਂ ਇਲਾਵਾ ਡਿਪਟੀ ਮੇਅਰ ਤੇ ਮੇਅਰ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਹਨ। ਯੂ.ਕੇ. ਵਿੱਚ ਕੌਂਸਲ ਦੇ ਡਿਪਟੀ ਲੀਡਰ ਵਜੋਂ ਉਨ੍ਹਾਂ ਨੇ ਸਭ ਤੋਂ ਲੰਬਾ ਸਮਾਂ ਸੇਵਾਵਾਂ ਦਿੱਤੀਆਂ ਹਨ। ਇਸ ਅਹੁਦੇ ’ਤੇ ਉਹ 2005 ਵਿੱਚ ਚੁਣੇ ਗਏ ਸਨ। ਮੌਜੂਦਾ ਸਮੇਂ ਉਨ੍ਹਾਂ ਕੋਲ ਈਲਿੰਗ ਕੈਬਨਿਟ ਵਿੱਚ ਭਾਈਚਾਰਕ ਸੇਵਾਵਾਂ ਅਤੇ ਸੁਰੱਖਿਆ ਦਾ ਅਹੁਦਾ ਹੈ। ਉਨ੍ਹਾਂ ਨੇ ਜਸਟਿਸ ਆਫ ਪੀਸ (ਮੈਜਿਸਟਰੇਟ) ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਉਹ ਐਂਪਲਾਇਮੈਂਟ ਟ੍ਰਿਬਿਊਨਲਜ਼ ਦੇ ਮੈਂਬਰ ਜੱਜ ਵੀ ਰਹੇ ਹਨ।