ਜਿੱਥੇ ਬੀਤੇ ਦਿਨ ਮੁੰਬਈ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਨਿਊਯਾਰਕ ਵਿੱਚ ਵੀ ਇੱਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ ਵਿੱਚ 12 ਜਣਿਆਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਇਕ ਨਿੱਕਾ ਬੱਚਾ ਵੀ ਸ਼ਾਮਲ ਹੈ। ਸ਼ਹਿਰ ਵਿੱਚ ਇੰਨੀ ਭਿਅੰਕਰ ਅੱਗ ਲੱਗਣ ਦੀ ਘਟਨਾ ਦਹਾਕਿਆਂ ਬਾਅਦ ਵਾਪਰੀ ਹੈ। ਸ਼ਹਿਰ ਦੇ ਮੇਅਰ ਨੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਸ਼ਹਿਰ ਦੇ ਬਰੌਂਕਸ ਬੋਰ੍ਹੋ ਇਲਾਕੇ ਵਿੱਚ ਪ੍ਰੌਸਪੈਕਟ ਐਵੇਨਿਊ ਅਪਾਰਟਮੈਂਟ ਦੀ ਇਮਾਰਤ ਨੂੰ ਮੁਕਾਮੀ ਸਮੇਂ ਰਾਤ 6:50 ਵਜੇ ਅੱਗ ਲੱਗੀ ਤੇ ਤੇਜ਼ੀ ਨਾਲ ਫ਼ੈਲ ਗਈ। ਫਾਇਰ ਬ੍ਰਿਗੇਡ ਦੇ 160 ਕਰਮੀਆਂ ਨੇ ਸਖ਼ਤ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਇਮਾਰਤ ਵਿੱਚ ਕੋਈ ਲਿਫ਼ਟ ਵੀ ਨਹੀਂ ਸੀ। ਨਿਊ ਯਾਰਕ ਫ਼ਾਇਰ ਵਿਭਾਗ ਦੇ ਕਮਿਸ਼ਨਰ ਡੈਨੀਅਲ ਨਾਈਜਰ ਨੇ ਕਿਹਾ ਕਿ ਇਮਾਰਤ ਦੀਆਂ ਵੱਖ ਵੱਖ ਮੰਜ਼ਿਲਾਂ ’ਤੇ ਫ਼ੌਤ ਹੋਣ ਵਾਲੇ ਪੀੜਤਾਂ ਦੀ ਉਮਰ 1 ਤੋਂ 50 ਸਾਲ ਦੇ ਦਰਮਿਆਨ ਹੈ। ਉਨ੍ਹਾਂ ਕਿਹਾ ਕਿ ਜਾਨ ਮਾਲ ਦੇ ਹੋਏ ਨੁਕਸਾਨ ਪੱਖੋਂ ਇਹ ਦੁਖ਼ਾਂਤ ਇਤਿਹਾਸਕ ਹੈ। ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਊ ਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਇਸ ਘਟਨਾ ਨੂੰ ਪਿਛਲੇ 25 ਸਾਲਾਂ ’ਚ ਅੱਗ ਲੱਗਣ ਦਾ ਸਭ ਤੋਂ ਵੱਡਾ ਦੁਖ਼ਾਂਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਘੱਟੋ ਘੱਟ 12 ਲੋਕਾਂ ਨੂੰ ਬਚਾਇਆ ਗਿਆ ਹੈ। ਇਮਾਰਤ ਵਿੱਚ ਤਲਾਸ਼ ਦਾ ਕੰਮ ਜਾਰੀ ਹੈ ਤੇ ਉਨ੍ਹਾਂ ਮੌਤਾਂ ਦੀ ਗਿਣਤੀ ਵਧਣ ਦੀ ਚੇਤਾਵਨੀ ਦਿੱਤੀ ਹੈ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕ ਸਦੀ ਪਹਿਲਾਂ ਬਣੀ ਇਮਾਰਤ ਵਿੱਚ 20 ਤੋਂ ਵੱਧ ਫਲੈਟ ਹਨ ਤੇ ਇਹ ਅੱਗ ਤੋਂ ਸੁਰੱਖਿਅਤ ਨਹੀਂ ਸੀ।