ਵੈਨਕੂਵਰ: ਕੈਨੇਡਾ ਵਿੱਚ ਵਿਰੋਧੀ ਧਿਰ ਦੇ ਲੀਡਰ ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਪ੍ਰਵਾਸ ਨਿਤੀ 'ਤੇ ਵੱਡਾ ਹਮਲਾ ਕੀਤਾ ਹੈ। ਸ਼ੀਅਰ ਨੇ ਦੋਸ਼ ਲਾਇਆ ਹੈ ਕਿ ਟਰੂਡੋ ਦੀ ਨੀਤੀ ਨਾਲ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਾਭ ਮਿਲ ਰਿਹਾ ਹੈ।

ਸਰੀ ਬੋਰਡ ਆਫ ਟਰੇਡ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਕੈਨੇਡਾ ਦੇ ਵਿਰੋਧੀ ਧਿਰ ਦੇ ਲੀਡਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪ੍ਰਵਾਸ ਪ੍ਰਣਾਲੀ ਦੀ ਇੱਕਸਾਰਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਇਆ ਹੈ। ਸ਼ੀਅਰ ਨੇ ਦੋ ਸਾਲ ਪਹਿਲਾਂ ਟਰੂਡੋ ਵੱਲੋਂ ਕੀਤੇ ਟਵੀਟ ਦਾ ਜ਼ਿਕਰ ਵੀ ਕੀਤਾ ਜਿਸ ਵਿੱਚ ਉਨ੍ਹਾਂ ਦਹਿਸ਼ਤ ਅਤੇ ਜੰਗ ਤੋਂ ਭੱਜਣ ਵਾਲਿਆਂ ਦਾ ਸੁਆਗਤ ਕੀਤਾ ਸੀ।

ਸ਼ੀਅਰ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਗ਼ੈਰ-ਕਨੂੰਨੀ ਇਮੀਗ੍ਰੇਸ਼ਨ ਦੀ ਸਮੱਸਿਆ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਾਰਿਆ ਨੂੰ ਯਾਦ ਹੋਵੇਗਾ ਕਿ ਜਸਟਿਨ ਟਰੂਡੋ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਉਹ ਜੰਪਿੰਗ ਕਰਦੇ ਟਵੀਟਰ 'ਤੇ ਆਏ ਤੇ ਟਵੀਟ ਕਰਕੇ ਸਭ ਦਾ ਸਵਾਗਤ ਕਰ ਦਿੱਤਾ।ਉਨ੍ਹਾਂ ਆਖਿਆ ਕਿ ਮੁੱਦਾ ਇਹ ਹੈ ਕਿ ਇਸ ਨਾਲ ਤਮਾਮ ਲੋਕਾਂ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਜੋ ਕਨੂੰਨੀ ਤਰੀਕੇ ਨਾਲ ਕੈਨੇਡਾ ਆਉਣਾ ਚਾਹੁੰਦੇ ਹਨ। ਸ਼ੀਅਰ ਦੀ ਇਹ ਗੱਲ ਸੁਣਕੇ ਹਾਲ ਵਿੱਚ ਬੈਠੇ ਲੋਕਾਂ ਨੇ ਤਾੜੀਆਂ ਵਜਾਉਣੀਆ ਸ਼ੁਰੂ ਕਰ ਦਿੱਤੀਆਂ।

ਸ਼ੀਅਰ ਨੇ ਸਾਫ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਲੀਗਲ ਇਮੀਗ੍ਰੇਸ਼ਨ ਦਾ ਸਮਰਥਨ ਕਰਦੀ ਹੈ, ਨਾ ਕਿ ਇਮੀਗ੍ਰੇਸ਼ਨ ਸਿਸਟਮ ਦੀ ਇੱਕਸਾਰਤਾ ਖ਼ਤਮ ਕਰਨ ਵਾਲੇ ਸਿਸਟਮ ਦੀ।