ਓਟਵਾ: ਚੀਨ ਨਾਲ ਜਾਰੀ ਵਿਵਾਦ 'ਤੇ ਮਾਮਲੇ ਦੀ ਪੈਰਵੀ ਤੋਂ ਕੈਨੇਡਾ ਦੇ ਲੋਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਨਾਖੁਸ਼ ਹਨ। ਅਜਿਹੇ ਸੰਕੇਤ ਇੱਕ ਸਰਵੇਖਣ ਤੋਂ ਮਿਲੇ ਹਨ। ਕਾਫੀ ਵੱਡੀ ਗਿਣਤੀ ਵਿੱਚ ਕੈਨੇਡਾ ਵਾਸੀਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਨੂੰ ਪੂਰੇ ਮਾਮਲੇ ਵਿੱਚ ਵਧੇਰੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।
ਸਰਵੇਖਣ ਵਿੱਚ ਅਜਿਹੀ ਪ੍ਰਤੀਕਿਰਿਆ ਸਾਂਝੀ ਕਰਨ ਵਾਲੇ ਲੋਕਾਂ ਦੀ ਗਿਣਤੀ 44% ਦੱਸੀ ਗਈ ਹੈ। ਐਂਗਸ ਰੀਡ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿੱਚ ਇਹ ਵੀ ਉਜਾਗਰ ਹੋਇਆ ਹੈ ਕਿ 92% ਕੈਨੇਡੀਅਨ ਮਹਿਸੂਸ ਕਰਦੇ ਹਨ ਕਿ ਕੈਨੇਡਾ ਅਤੇ ਚੀਨ ਦਾ ਮੌਜੂਦਾ ਵਿਵਾਦ 'ਕਾਫੀ ਜਾਂ ਬੇਹਦ ਗੰਭੀਰ' ਹੈ। ਟਰੂਡੋ ਸਰਕਾਰ ਨੇ ਜਿਸ ਤਰ੍ਹਾਂ ਪੂਰੇ ਮਸਲੇ ਦੀ ਪੈਰਵੀ ਕੀਤੀ ਹੈ, ਉਸ ਤੋਂ ਕਰੀਬ 52% ਲੋਕ ਨਾਖੁਸ਼ ਹਨ। ਹਾਲਾਂਕਿ, 33% ਲੋਕ ਅਜਿਹੇ ਵੀ ਹਨ ਜਿੰਨਾ ਨੇ ਕਿ ਟਰੂਡੋ ਸਰਕਾਰ ਦੀ ਪਹੁੰਚ ਨੂੰ 'ਬੇਹਦ ਚੰਗੀ ਜਾਂ ਸੰਤੋਸ਼ਜਨਕ' ਦੱਸਿਆ ਹੈ। 15% ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਆਖਿਆ ਕਿ ਉਹ ਪੂਰੇ ਮਸਲੇ ਨੂੰ ਲੈ ਕੇ ਖੁਦ ਵੀ ਦੁਵਿਧਾ ਵਿੱਚ ਹਨ, ਅਤੇ ਮਸਲੇ ਬਾਰੇ ਸਪਸ਼ਟ ਜਾਣਕਾਰੀ ਨਹੀਂ ਰੱਖਦੇ।
ਹਾਲਾਂਕਿ, ਸਰਵੇਖਣ ਦੌਰਾਨ 55% ਲੋਕ ਅਜਿਹੇ ਹਨ ਜਿੰਨਾ ਦਾ ਮੰਨਣਾ ਹੈ ਕਿ, ਚੀਨ ਦੀ ਦਿੱਗਜ ਟੈਲੀਕਾਮ ਕੰਪਨੀ ਹੁਆਵੇ ਦੀ ਐਗ਼ਜ਼ੀਕਿਊਟਿਵ ਮੈਂਗ ਵਾਨਜ਼ੂ ਦੀ ਗ੍ਰਿਫਤਾਰੀ ਕਰਕੇ ਕੈਨੇਡਾ ਨੇ ਸਹੀ ਕੀਤਾ। ਇਸ ਗ੍ਰਿਫਤਾਰੀ ਤੋਂ ਬਾਅਦ ਹੀ ਪੂਰੇ ਵਿਵਾਦ ਦਾ ਆਰੰਭ ਹੋਇਆ ਸੀ। ਅਮਰੀਕਾ ਦੀ ਬੇਨਤੀ ਤੇ ਮੈਂਗ ਨੂੰ ਵੈਨਕੂਵਰ ਹਵਾਈ ਅੱਡੇ ਤੋਂ ਦਸੰਬਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।