ਲਾਹੌਰ: ਪਾਕਿਸਤਾਨ ‘ਚ ਈਸ਼ਨਿੰਦਾ ਦੇ ਦੋਸ਼ ‘ਚ 8 ਸਾਲ ਜੇਲ੍ਹ ਦੀ ਸਜ਼ਾ ਕੱਟ ਚੁੱਕੀ ਈਸਾਈ ਮਹਿਲਾ ਆਸਿਆ ਬੀਬੀ ਨੂੰ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਰਿਹਾ ਕਰਨ ਦੇ ਹੁਕਮ ਦਿੱਤੇ ਸੀ। ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ‘ਚ ਹਿੰਸਕ ਪ੍ਰਦਰਸ਼ਨ ਵੀ ਹੋਏ ਸਨ ਅਤੇ ਕਈ ਥਾਂਵਾਂ ‘ਤੇ ਕਰਫਿਊ ਵੀ ਲਾਉਣਾ ਪਿਆ ਸੀ।


ਹੁਣ ਖ਼ਬਰ ਆ ਰਹੀ ਹੈ ਕਿ ਆਸੀਆ ਬੀਬੀ ਨੂੰ ਮੁਲਤਾਨ ਦੀ ਇੱਕ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਤੋਂ ਇਨਕਾਰ ਕੀਤਾ ਹੈ। ਸਥਾਨਕ ਖ਼ਬਰਾਂ ਮੁਤਾਬਕ ਆਸੀਆ ਨੂੰ ਰਾਵਲਪਿੰਡੀ ਦੀ ਨੂਰ ਖ਼ਾਨ ਏਅਰਬੇਸ ‘ਚ ਲਿਜਾਇਆ ਗਿਆ ਅਤੇ ਉਥੋਂ ਉਸ ਨੂੰ ਨੀਦਰਲੈਂਡ ਭੇਜਿਆ ਜਾਵੇਗਾ। ਜਿਸ ਹਿਸਾਬ ਨਾਲ ਆਸਿਆ ਨੂੰ ਵਿਦੇਸ਼ ਭੇਜਣ ਦੀ ਤਿਆਰੀ ਹੈ, ਉੱਥੋਂ ਜਾਪਦਾ ਹੈ ਕਿ ਅਦਾਲਤੀ ਹੁਕਮਾਂ ਦੀ ਤਾਮੀਲ ਕਰਨ ਲਈ ਸਰਕਾਰ ਉਸ ਨੂੰ ਲੋਕਾਂ ਤੋਂ ਚੋਰੀ ਵਿਦੇਸ਼ ਭੇਜ ਰਹੀ ਹੈ।



ਜਦੋਂ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਆਸੀਆ ਦੇ ਦੇਸ਼ ਛੱਡਣ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ ਅਤੇ ਇਸ ਖ਼ਬਰ ਨੂੰ ਝੂਠ ਕਿਹਾ ਹੈ। ਆਸੀਆ ਦਾ ਆਪਣੇ ਗੁਆਂਢੀ ਨਾਲ ਪਾਣੀ ਲਈ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹੇਠਲੀ ਅਦਾਲਤ ਨੇ 10 ਸਾਲ ਦੀ ਸਜਾ ਸੁਣਾ ਦਿੱਤੀ ਸੀ, ਪਰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ ਹੈ।