ਤਾਈਪੇ-ਤਾਈਵਾਨ ਦੇ ਪੂਰਬੀ ਹਿੱਸੇ 'ਚ ਮੰਗਲਵਾਰ ਦੇਰ ਰਾਤ ਜ਼ਬਰਦਸਤ ਭੁਚਾਲ 9 ਲੋਕਾਂ ਦੀ ਮੌਤ 225 ਲੋਕ ਜ਼ਖ਼ਮੀ ਹੋ ਗਏ ਹਨ, ਜਦਕਿ 88 ਲੋਕ ਲਾਪਤਾ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.4 ਮਾਪੀ ਗਈ। ਇਸ ਦਾ ਕੇਂਦਰ ਬੰਦਰਗਾਹ ਸ਼ਹਿਰ ਹੂਆਲਿਨ ਤੋਂ ਕਰੀਬ 21 ਕਿਲੋਮੀਟਰ ਦੂਰ ਪੂਰਬੀ-ਉੱਤਰ ਦਿਸ਼ਾ 'ਚ ਜ਼ਮੀਨ ਤੋਂ 9.5 ਕਿਲੋਮੀਟਰ ਡੂੰਘਾ ਸੀ।
ਤਾਈਵਾਨ ਕੈਬਨਿਟ ਨੇ ਰਾਸ਼ਟਰੀ ਬਚਾਅ ਦਲ ਦੇ ਹਵਾਲੇ ਨਾਲ ਦੱਸਿਆ ਕਿ ਭੁਚਾਲ ਕਾਰਨ ਤਾਈਵਾਨ ਦੇ ਪੂਰਬੀ ਤਟ 'ਤੇ ਸਥਿਤ ਇਕ ਹੋਟਲ ਦੀ ਇਮਾਰਤ ਡਿੱਗ ਗਈ। ਅਮਰੀਕੀ ਭੂਗੋਲਿਕ ਸਰਵੇਖਣ ਅਨੁਸਾਰ ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 6.4 ਮਾਪੀ ਗਈ। ਭੁਚਾਲ ਕਾਰਨ ਹੂਆਲਿਨ ਸ਼ਹਿਰ ਦੇ ਮਾਰਸ਼ਲ ਹੋਟਲ ਦੀ 10 ਮੰਜ਼ਿਲਾਂ ਇਮਾਰਤ ਦਾ ਹੇਠਲਾ ਹਿੱਸਾ ਤਬਾਹ ਹੋ ਗਿਆ ਅਤੇ ਬਾਕੀ ਦੀਆਂ ਮੰਜ਼ਿਲਾਂ ਹਵਾ 'ਚ ਲਟਕ ਗਈਆਂ।
ਸਥਾਨਕ ਮੀਡੀਆ ਅਨੁਸਾਰ ਇਸ ਹੋਟਲ ਦੇ ਮਲਬੇ 'ਚ ਅਜੇ 30 ਲੋਕ ਫਸੇ ਹੋਏ ਹਨ। ਤਾਈਵਾਨ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਬਿਆਨ 'ਚ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਇਸ ਇਲਾਕੇ 'ਚ ਐਤਵਾਰ ਤੋਂ ਭੁਚਾਲ ਦੇ 100 ਝਟਕੇ ਆ ਚੁੱਕੇ ਹਨ ਹਾਲਾਂਕਿ ਕਿਸੇ ਤਰ੍ਹਾਂ ਦੀ ਸੁਨਾਮੀ ਦੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।