ਨਿਊਯਾਰਕ : ਅਮਰੀਕਾ ਵਿੱਚ ਪਿਛਲੇ ਦਿਨੀਂ ਅਮਰੀਕੀ-ਸਿੱਖ ਉੱਤੇ ਹਮਲਾ ਕਰ ਕੇ ਉਸ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਨਫ਼ਰਤ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਹਨ। ਕੈਲੇਫੋਰਨੀਆ ਵਿੱਚ ਆਈ ਟੀ ਮਾਹਿਰ ਮਾਨ ਸਿੰਘ ਖ਼ਾਲਸਾ ਨੇ ਅਮਰੀਕਾ ਨਿਆਂ ਉੱਤੇ ਭਰੋਸਾ ਪ੍ਰਗਟਾਉਂਦੇ ਹੋਏ ਆਖਿਆ ਕਿ ਉਸ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਦੋਸ਼ ਆਇਦ ਹੋਣੇ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਹੋ ਰਹੀ ਹਿੰਸਾ ਵਿਰੁੱਧ ਪਹਿਲਾ ਕਦਮ ਹੈ। ‘ਦੀ ਸਿੱਖ ਕੁਲੀਸ਼ਨ’ ਵੱਲੋਂ ਮਾਨ ਸਿੰਘ ਖ਼ਾਲਸਾ ਦੇ ਜਾਰੀ ਕੀਤੇ ਬਿਆਨ ਮੁਤਾਬਿਕ ‘ਹਮਲਾਵਰਾਂ ਨੇ ਉਸ ਨੂੰ ਧਾਰਮਿਕ ਤੌਰ ਉੱਤੇ ਠੇਸ ਪਹੁੰਚਾਈ ਹੈ। ਯਾਦ ਰਿਹਾ ਕਿ 25 ਸਤੰਬਰ ਦੀ ਰਾਤ ਨੂੰ ਖ਼ਾਲਸਾ ਜਦੋਂ ਘਰ ਨੂੰ ਜਾ ਰਿਹਾ ਸੀ ਤਾਂ ਕਾਰ ਸਵਾਰ ਵਿਅਕਤੀਆਂ ਨੇ ਉਸ ਦੀ ਕਾਰ ਉੱਤੇ ਬੀਅਰ ਦੀ ਬੋਤਲ ਸੁੱਟੀ। ਜਦੋਂ ਖ਼ਾਲਸਾ ਨੇ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਗਾਲ਼ੀ-ਗਲੋਚ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮਾਨ ਸਿੰਘ ਉੱਥੋਂ ਚਲਾ ਗਿਆ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕਰ ਕੇ ਕੁੱਟਮਾਰ ਕੀਤੀ ਅਤੇ ਉਸ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ