ਲੰਡਨ: ਇੰਗਲੈਂਡ ਦੇ ਸ਼ਹਿਰ Gloucestershire ਤੋਂ BBC Radio ਦੀ ਸਿੱਖ ਰਿਪੋਰਟਰ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ। ਇਹ ਜਾਣਕਾਰੀ ਖੁਦ ਮਨਪ੍ਰੀਤ ਮੱਲ੍ਹੀ ਨੇ ਟਵੀਟ ਰਾਹੀਂ ਦਿੱਤੀ। ਉਸ ਨੇ ਲਿਖਿਆ ਹੈ, ''ਇਹ ਟਵੀਟ ਉਸ ਲਈ ਹੈ ਜਿਸ ਨੇ Sainsbury 'ਚ ਸ਼ਾਪਿੰਗ ਕਰਦੇ ਸਮੇਂ ਮੇਰੇ ਸ਼ਾਪਿੰਗ ਬੈਗ 'ਚ ਸੂਰ ਦੇ ਮਾਸ ਵਾਲੇ ਪਦਾਰਥ ਦੇ ਦੋ ਪੈਕਟ ਜਾਣਬੁੱਝ ਕੇ ਸੁੱਟ ਦਿੱਤੇ। ਇਹ ਕਾਰਵਾਈ ਤੁਹਾਡੇ 'ਤੇ ਹੀ ਜਵਾਬੀ ਹਮਲਾ ਹੈ ਕਿਉਂਕਿ ਮੈਂ ਮੁਸਲਿਮ ਨਹੀਂ ਹਾਂ।''

ਹਾਸਲ ਜਾਣਕਾਰੀ ਮੁਤਾਬਕ 32 ਸਾਲਾ ਮਨਪ੍ਰੀਤ ਮੱਲ੍ਹੀ BBC RADIO ਲਈ ਰਿਪੋਰਟਿੰਗ ਕਰਦੀ ਹੈ। ਸ਼ਨੀਵਾਰ ਨੂੰ ਜਦ ਉਹ Sainsbury ਸ਼ਾਪਿੰਗ ਮਾਲ 'ਚ ਖਰੀਦਦਾਰੀ ਕਰ ਰਹੀ ਸੀ ਤਾਂ ਦੋ ਵਿਅਕਤੀਆਂ ਨੇ ਜ਼ਬਰਦਸਤੀ ਉਸ ਦੀ ਟੋਕਰੀ 'ਚ 2 ਪੈਕਟ ਸੂਰ ਦੇ ਮਾਸ ਤੋਂ ਬਣੇ ਪਦਾਰਥ ਦੇ ਸੁੱਟ ਦਿੱਤੇ। ਇਕਦਮ ਅਜਿਹਾ ਹੋਣ 'ਤੇ ਉਹ ਘਬਰਾ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਸ ਨੇ ਦੱਸਿਆ ਕਿ ਇਹ ਉਨ੍ਹਾਂ ਲੋਕਾਂ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਸੀ ਕਿਉਂਕਿ ਮੁਸਲਮਾਨਾਂ ਨੂੰ ਸੂਰ ਦਾ ਮਾਸ ਖਾਣ ਦੀ ਮਨਾਹੀ ਹੈ। ਨਸਲੀ ਹਿੰਸਾ ਭੜਕਾਉਣ ਵਾਲਿਆਂ ਨੇ ਉਸ ਨੂੰ ਮੁਸਲਿਮ ਸਮਝਦੇ ਹੋਏ ਇਹ ਹਰਕਤ ਕੀਤੀ, ਜਦਕਿ ਉਹ ਸਿੱਖ ਹੈ।