ਮੈਲਬੋਰਨ: ਆਸਟ੍ਰੇਲੀਆ ਨੇ ਆਪਣੇ ਮਸ਼ਹੂਰ 457 ਵੀਜ਼ਾ ਪ੍ਰੋਗਰਾਮ 'ਤੇ ਰੋਕ ਲਾ ਦਿੱਤੀ ਹੈ। ਇਸ ਵੀਜ਼ਾ ਦਾ ਸਭ ਤੋਂ ਵੱਧ ਲਾਭ ਭਾਰਤੀ ਲੋਕ ਉਠਾਉਂਦੇ ਸਨ। ਇਸ ਦੀ ਥਾਂ ਹੁਣ ਆਸਟ੍ਰੇਲੀਆ ਨਵਾਂ ਵੀਜ਼ਾ ਪ੍ਰੋਗਰਾਮ ਲਿਆ ਰਿਹਾ ਹੈ, ਜਿਸ ਵਿੱਚ ਅੰਗਰੇਜ਼ੀ ਦੀ ਮੁਹਾਰਤ ਜ਼ਿਆਦਾ ਲੋੜੀਂਦੀ ਹੋਵੇਗੀ।

457 ਵੀਜ਼ਾ ਪ੍ਰੋਗਰਾਮ ਨੂੰ 95,000 ਵਿਦੇਸ਼ੀ ਕਾਮੇ ਵਰਤਦੇ ਸਨ, ਜਿਨ੍ਹਾਂ ਵਿੱਚੋਂ ਤਕਰੀਬਨ ਇੱਕ ਤਿਹਾਈ ਭਾਰਤੀ ਸਨ। ਇਸ ਤਹਿਤ ਵੀਜ਼ਾ ਆਪਣੇ ਪਰਿਵਾਰ ਨੂੰ ਵੀ ਆਸਟ੍ਰੇਲੀਆ ਨਾਲ ਲਿਜਾ ਸਕਦਾ ਸੀ। ਆਸਟ੍ਰੇਲੀਆ ਨੇ 457 ਵੀਜ਼ਾ ਪ੍ਰੋਗਰਾਮ ਨੂੰ ਆਪਣੇ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਜਾਰੀ ਕੀਤਾ ਗਿਆ ਸੀ। ਇਸ ਤਹਿਤ ਵੱਖ-ਵੱਖ ਕਾਰੋਬਾਰਾਂ ਵਿੱਚ ਹੁਨਰਮੰਦਾਂ ਨੂੰ ਚਾਰ ਸਾਲਾਂ ਲਈ ਕਰਮਚਾਰੀ ਨਿਯੁਕਤ ਕੀਤਾ ਜਾਂਦਾ ਸੀ।

ਪ੍ਰਧਾਨ ਮੰਤਰੀ ਮਾਲਕੌਮ ਟਰਨਬੁੱਲ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਐਲਾਨ ਕੀਤਾ ਸੀ ਕਿ ਕੰਮਕਾਜੀ ਵੀਜ਼ਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਆਸਟ੍ਰੇਲੀਅਨਾਂ ਨੂੰ ਪਹਿਲ ਦੇ ਆਧਾਰ 'ਤੇ ਨਵੇਂ ਵੀਜ਼ਾ ਪ੍ਰੋਗਰਾਮ ਜਾਰੀ ਹੋਣਗੇ।

ਨਵੇਂ ਵੀਜ਼ਾ ਪ੍ਰੋਗਰਾਮ ਨੂੰ 18 ਮਾਰਚ ਤੋਂ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਦੋ ਵੱਖ-ਵੱਖ ਮਿਆਦੀ ਵੀਜ਼ਾ ਦਿੱਤੇ ਜਾਣਗੇ। ਪਹਿਲੇ ਥੁੜ ਮਿਆਦੀ ਵੀਜ਼ਾ ਦੋ ਸਾਲਾਂ ਲਈ ਦਿੱਤਾ ਜਾਵੇਗਾ ਤਾਂ ਜੋ ਫੌਰਨ ਆਈ ਕਾਮਿਆਂ ਦੀ ਤੋਟ ਨੂੰ ਪੂਰਿਆ ਚਾ ਸਕੇ। ਦੂਜੇ, ਮੱਧ ਮਿਆਦੀ ਵੀਜ਼ਾ ਚਾਰ ਸਾਲਾਂ ਲਈ ਦਿੱਤਾ ਜਾ ਸਕਦਾ ਹੈ।

ਇਸ ਨਵੇਂ ਵੀਜ਼ਾ ਪ੍ਰੋਗਰਾਮ ਤਹਿਤ ਅੰਗ੍ਰੇਜ਼ੀ ਵਿੱਚ ਵਧੇਰੇ ਮੁਹਾਰਤ ਹਾਸਲ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਘੱਟੋ ਘੱਟ ਦੋ ਸਾਲਾਂ ਦਾ ਤਜਰਬਾ ਰੱਖਣ ਵਾਲੇ ਲੋਕਾਂ ਤੇ ਸਾਫ਼-ਸੁਥਰੇ ਅਕਸ ਵਾਲੇ ਲੋਕਾਂ ਨੂੰ ਹੀ ਚੁਣਿਆ ਜਾਵੇਗਾ।