ਮੈਲਬਰਨ: ਆਸਟ੍ਰੇਲੀਆ ‘ਚ ਸ਼ਨੀਵਾਰ ਨੂੰ ਆਮ ਚੋਣਾਂ ਹੋਣੀਆਂ ਹਨ। ਆਸਟ੍ਰੇਲੀਆ ਸਮੇਤ 23 ਦੇਸ਼ਾ ‘ਚ ਵੋਟਿੰਗ ਕਰਨੀ ਸਭ ਲਈ ਜ਼ਰੂਰੀ ਹੈ। ਜੇਕਰ ਕੋਈ ਵੋਟਿੰਗ ਨਹੀਂ ਕਰਦਾ ਤਾਂ ਉਸ ਨੂੰ ਜ਼ੁਰਮਾਨਾ ਲਾਇਆ ਜਾਂਦਾ ਹੈ। ਆਸਟ੍ਰੇਲੀਆ ‘ਚ 1924 ‘ਚ ਪਹਿਲੀ ਵਾਰ ਵੋਟ ਕਰਨਾ ਲਾਜ਼ਮੀ ਕੀਤਾ ਗਿਆ ਸੀ। ਇਸ ਨਿਯਮ ਤੋਂ ਬਾਅਦ ਹੀ ਆਮ ਲੋਕਾਂ ਨੇ ਰਾਜਨੀਤੀ ‘ਚ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕੀਤਾ। ਹੁਣ ਤਕ ਕਦੇ ਵੀ ਦੇਸ਼ ‘ਚ 91 ਫੀਸਦ ਤੋਂ ਘੱਟ ਵੋਟਿੰਗ ਨਹੀਂ ਹੋਈ ਹੈ।

ਆਸਟ੍ਰੇਲੀਆ ‘ਚ ਵੋਟਿੰਗ ਲਈ ਰਜਿਸਟ੍ਰੇਸ਼ਨ ਤੇ ਵੋਟਿੰਗ ਦੋਵੇਂ ਕਾਨੂੰਨੀ ਨਿਯਮਾਂ ‘ਚ ਸ਼ਾਮਲ ਹੈ। ਇਸ ਦਾ ਮਤਲਬ 18 ਸਾਲ ਤੋਂ ਉਪਰ ਕਿਸੇ ਵੀ ਵਿਅਕਤੀ ਨੂੰ ਵੋਟ ਕਰਨਾ ਜ਼ਰੂਰੀ ਹੈ। ਵੋਟ ਨਾ ਕਰਨ ‘ਤੇ ਸਰਕਾਰ ਜਵਾਬ ਮੰਗ ਸਕਦੀ ਹੈ। ਜਵਾਬ ਤੋਂ ਸੰਤੁਸ਼ਟ ਨਾ ਹੋਣ ‘ਤੇ 20 ਆਸਟ੍ਰੇਲੀਅਨ ਡਾਲਰ ਯਾਨੀ ਕਰੀਬ 1000 ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ ਤੇ ਕੋਰਟ ਦੇ ਚੱਕਰ ਵੀ ਕੱਟਣੇ ਪੈ ਸਕਦੇ ਹਨ।

ਇਸ ਸਿਸਟਮ ਦੇ ਸਮਰੱਥਕਾਂ ਦਾ ਕਹਿਣਾ ਹੈ ਕਿ ਇਸ ਨਾਲ ਨਾਗਰਿਕਾਂ ਨੂੰ ਦੇਸ਼ ਦੀ ਸਿਆਸੀ ਹਾਲਤ ਬਾਰੇ ਪਤਾ ਰਹਿੰਦਾ ਹੈ ਤੇ ਸਰਕਾਰ ਚੁਣਨ ‘ਚ ਜਨਤਾ ਦੀ ਭਾਗੀਦਾਰੀ ਅਹਿਮ ਹੁੰਦੀ ਹੈ। ਇਸ ਦੇ ਚੱਲਦਿਆਂ ਪਿਛਲੇ 95 ਸਾਲਾਂ ਦੇ ਇਤਿਹਾਸ ‘ਚ ਆਸਟ੍ਰੇਲੀਆ ‘ਚ ਵੋਟ ਫੀਸਦੀ ਕਦੇ 91% ਤੋਂ ਹੇਠ ਨਹੀਂ ਆਇਆ।