ਕੈਨਬਰਾ: ਆਸਟ੍ਰੇਲੀਆ ਵਿੱਚ ਇੱਕ ਛੋਟੇ ਜਹਾਜ਼ ਦੇ ਪਾਇਲਟ ਨੂੰ ਅਚਾਨਕ ਨੀਂਦ ਨੇ ਆ ਘੇਰਿਆ, ਜਿਸ ਦੇ ਬਾਅਦ ਉਹ ਜਹਾਜ਼ ਨੂੰ 50 ਕਿਲੋਮੀਟਰ ਦੂਰ ਕਿਤੇ ਹੋਰ ਹੀ ਲੈ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪਾਈਪਰ ਪੀਏ-31 ਵਿੱਚ ਬੱਸ ਇੱਕੋ ਪਾਇਲਟ ਸੀ ਜੋ ਜਹਾਜ਼ ਉਡਾ ਰਿਹਾ ਸੀ ਤੇ ਜਹਾਜ਼ ਉਡਾਉਂਦੇ ਹੀ ਉਸ ਨੂੰ ਨੀਂਦ ਆ ਗਈ।

ਜਹਾਜ਼ ਨੇ 8 ਨਵੰਬਰ ਨੂੰ ਤਸਮਾਨਿਆ ਵਿੱਚ ਡੇਵਾਨਪੋਰਟ ਤੋਂ ਕਿੰਗ ਦੀਪ ਲਈ ਉਡਾਣ ਭਰੀ ਸੀ। ਆਸਟ੍ਰੇਲੀਆ ਟਰਾਂਸਪੋਰਟ ਸੁਰੱਖਿਆ ਬਿਊਰੋ (ਏਟੀਐਸਬੀ) ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਾਉਣ ਤੋਂ ਪਹਿਲਾਂ ਉਸ ਨੂੰ ਜਾਗ ਕਿਵੇਂ ਆਈ?

ਏਟੀਐਸਬੀ ਨੇ ਬਿਆਨ ਵਿੱਚ ਦੱਸਿਆ ਕਿ ਉਡਾਣ ਦੌਰਾਨ ਪਾਇਲਟ ਸੌਂ ਗਿਆ ਸੀ। ਇਸ ਕਰਕੇ ਜਹਾਜ਼ ਕਿੰਗ ਆਈਲੈਂਡ ਵਿੱਚ ਆਪਣੀ ਲੈਂਡਿੰਗ ਵਾਲੀ ਥਾਂ ਤੋਂ 50 ਕਿਲੋਮੀਟਰ ਅਗਾਂਹ ਚਲਾ ਗਿਆ। ਇਸ ਘਟਨਾ ਦੇ ਮਾਮਲੇ ਵਿੱਚ ਪਾਇਲਟ ਕੋਲੋਂ ਪੁੱਛਗਿੱਛ ਕੀਤੀ ਜਾਏਗੀ।