ਵੈਨਕੂਵਰ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੋੜੇ 'ਤੇ ਸੂਬੇ ਦੀ ਵਿਧਾਨ ਸਭਾ ਵਿੱਚ ਵਿਸਫੋਟ ਕਰਨ ਯੋਜਨਾ ਦੇ ਇਲਜਾਮ ਲੱਗੇ ਸਨ। ਇਸ ਜੋੜੇ ਲਈ ਬੁੱਧਵਾਰ ਦਾ ਦਿਨ ਵੱਡੀ ਰਾਹਤ ਦੀ ਖਬਰ ਲੈ ਕੇ ਆਇਆ। ਫਿਲਹਾਲ ਇਸ ਜੋੜੇ 'ਤੇ ਲੱਗੇ ਇਲਜ਼ਾਮਾਂ 'ਤੇ ਰੋਕ ਲਾ ਦਿੱਤੀ ਗਈ ਹੈ। ਦੋਵਾਂ ਨੂੰ ਅਪੀਲ ਕੋਰਟ ਨੇ ਰਿਹਾਅ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਦੇ ਜੱਜ ਨੇ ਆਖਿਆ ਸੀ ਕਿ, RCMP ਅਫਸਰਾਂ ਨੇ ਹੇਰਾਫੇਰੀ ਨਾਲ ਜੌਨ ਨੱਟਲ ਤੇ ਅਮੈਂਡਾ ਕੋਰੋਡੀ ਨੂੰ ਸਾਲ 2013 ਵਿੱਚ ਕੈਨੇਡਾ ਡੇਅ ਮੌਕੇ ਪਲੈਨ ਕੀਤੇ ਹਮਲੇ ਨਾਲ ਅੱਗੇ ਵਧਣ ਲਈ ਆਖਿਆ ਸੀ। ਬੀਸੀ ਕੋਰਟ ਆਫ ਅਪੀਲ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਨਾਲ ਸਹਿਮਤੀ ਜਾਹਿਰ ਕੀਤੀ ਹੈ।
ਇਸ ਮਾਮਲੇ ‘ਚ RCMP ਵੱਲੋਂ ਕੀਤੀ ਗਈ ਪੰਜ ਮਹੀਨੇ ਦੀ ਜਾਂਚ ਸ਼ਾਮਲ ਹੈ, ਜਿਸ 'ਤੇ ਇੱਕ ਮਿਲੀਅਨ ਡਾਲਰ ਦਾ ਖਰਚਾ ਆਇਆ ਦੱਸਿਆ ਜਾ ਰਿਹਾ ਹੈ। ਜੂਨ 2015 ਵਿੱਚ ਜਿਊਰੀ ਨੇ ਨੱਟਲ ਤੇ ਕੋਰੋਡੀ ਨੂੰ ਕਤਲ ਦੀ ਸਾਜਿਸ਼, ਵਿਸਫੋਟਕ ਸਮਗਰੀ ਰੱਖਣ ਤੇ ਜਨਤਕ ਥਾਂ 'ਤੇ ਵਿਸਫੋਟਕ ਪਦਾਰਥ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਸੀ। ਸਾਲ 2016 ਵਿੱਚ ਇਨ੍ਹਾਂ ਇਲਜ਼ਾਮਾਂ 'ਤੇ ਰੋਕ ਲਾ ਦਿੱਤੀ ਗਈ ਸੀ। ਫੈਸਲੇ ਵਿੱਚ ਆਖਿਆ ਗਿਆ ਸੀ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਜੋੜੇ ਨੂੰ ਧੋਖੇ ਨਾਲ ਫਸਾਇਆ ਸੀ। ਉੱਤਲੀ ਅਦਾਲਤ ਨੇ ਵੀ ਹੇਠਲੀ ਅਦਾਲਤ ਦੇ ਜੱਜ ਦੇ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ। ਮਾਮਲੇ ਵਿੱਚ ਆਇਆ ਫੈਸਲਾ ਤਿੰਨੇ ਜੱਜਾਂ ਦਾ ਸਰਬਸੰਮਤੀ ਨਾਲ ਲਿਆ ਫੈਸਲਾ ਹੈ। ਜੱਜਾਂ ਦਾ ਮੰਨਣਾ ਸੀ ਕਿ ਮਾਮਲੇ ਵਿਚ ਜਾਂਚ ਨਿਆਂ ਨੂੰ ਗੁੰਮਰਾਹ ਕਰਨ ਵਾਲੀ ਸੀ।