ਰਾਜਿੰਦਰ ਸਿੰਘ ਰੂਬੀ
ਚੰਡੀਗੜ੍ਹ: ਭਾਰਤ ਨਾਲ ਸਾਂਝ ਦਾ ਕਦਮ ਵਧਾਉਂਦਿਆਂ ਪਾਕਿਸਤਾਨ ਨੇ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਗਏ ਇੱਕ ਹੋਰ ਭਾਰਤੀ ਨਾਗਰਿਕ ਨੂੰ ਭਾਰਤ ਹਵਾਲੇ ਕੀਤਾ ਹੈ। ਕੁਝ ਮਹੀਨੇ ਪਹਿਲਾਂ ਸੰਤੂ ਰਾਸ਼ੀ ਦੇਵ ਪੁੱਤਰ ਨੰਦਨ ਰਾਸ਼ੀ ਦੇਵ ਵਾਸੀ ਮਾਧੋਪੁਰ (ਬਿਹਾਰ) ਨੂੰ ਪਾਕਿਸਤਾਨ ਨੇ ਭਾਰਤੀ ਪੰਜਾਬ ਦੀ ਖੇਮਕਰਨ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ ਸੀ।
ਪਾਕਿਸਤਾਨ ਰੇਂਜਰਾਂ ਅਤੇ ਖ਼ੂਫੀਆ ਏਜੰਸੀਆਂ ਨੇ ਸੰਤੂ ਰਾਸ਼ੀ ਦੇਵ ਕੋਲੋਂ ਬਾਰੀਕੀ ਨਾਲ ਜਾਂਚ ਕੀਤੀ। ਉਸ ਕੋਲੋਂ ਕੋਈ ਵੀ ਗੈਰ-ਕਾਨੂੰਨੀ ਵਸਤੂ ਜਾਂ ਦਸਤਾਵੇਜ਼ ਬਰਾਮਦ ਨਾ ਹੋਣ ’ਤੇ ਅੱਜ ਕਰੀਬ ਤਿੰਨ ਮਹੀਨਿਆਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਵੱਲੋਂ ਸੰਤੂ ਰਾਸ਼ੀ ਦੇਵ ਨੂੰ ਪਾਕਿਸਤਾਨ ਰੇਂਜਰ ਦੇ ਅਧਿਕਾਰੀ ਫਾਜ਼ਿਲ ਨੇ ਭਾਰਤੀ ਬੀਐਸਐਫ-87 ਬਲਾਟੀਅਨ ਦੇ ਅਧਿਕਾਰੀ ਮੁਕੇਸ਼ ਚੌਧਰੀ ਦੇ ਹਵਾਲੇ ਕੀਤਾ। ਇਸ ਮੌਕੇ ਪਾਕਿਸਤਾਨ ਵੱਲੋਂ ਰਿਹਾਅ ਹੋ ਕੇ ਵਤਨ ਪੁੱਜੇ ਸੰਤੂ ਰਾਸ਼ੀ ਦੇਵ ਨੂੰ ਪਾਕਿਸਤਾਨ ਰੇਂਜਰ ਨੇ ਇੱਕ ਸੀਤਾ ਹੋਇਆ ਪਜ਼ਾਮਾ-ਕੁੜਤਾ ਅਤੇ ਮਠਿਆਈ ਵੀ ਦਿੱਤੀ।
ਅਟਾਰੀ ਸਰਹੱਦ ਵਿਖੇ ਭਾਰਤੀ ਨਾਗਰਿਕ ਸੰਤੂ ਰਾਸ਼ੀ ਦੇਵ ਦੀ ਇਮੀਗ੍ਰੇਸ਼ਨ ਕਸਟਮ ਹੋਣ ਬਾਅਦ ਉਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਜੋ ਸੰਤੂ ਨੂੰ ਉਸ ਦੇ ਘਰ ਪਹੁੰਚਾਉਣ ਵਿੱਚ ਮਦਦ ਕਰਨਗੇ।