ਕਾਬੁਲ: ਚੀਨ ਵੱਲੋਂ ਕਈ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ 'ਤੇ ਪਾਬੰਦੀ ਲਾਉਣ ਤੋਂ ਕਰੀਬ ਮਹੀਨੇ ਬਾਅਦ ਅਫਗਾਨਿਸਤਾਨ ਨੇ ਵੀ ਵਟਸਐਪ 'ਤੇ 20 ਦਿਨਾਂ ਲਈ ਰੋਕ ਲਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਸਰਕਾਰ ਨੇ ਕਈ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਮੁਲਕ 'ਚ ਵਾਟਸਐਪ ਤੇ ਟੈਲੀਗ੍ਰਾਮ ਨੂੰ ਸਸਪੈਂਡ ਕਰਨ ਲਈ ਕਿਹਾ ਹੈ। ਇਸ ਨੂੰ ਆਜ਼ਾਦੀ 'ਤੇ ਹਮਲੇ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ।


ਰਿਪੋਰਟ ਮੁਤਾਬਕ, ਸਲਾਮ ਟੈਲੀਕਾਮ ਦੇ ਗਾਹਕਾਂ ਲਈ ਵਟਸਐਪ ਤੇ ਟੈਲੀਗ੍ਰਾਮ ਦੋਵੇਂ ਹੀ ਕੰਮ ਨਹੀਂ ਕਰ ਰਹੇ। ਸਲਾਮ ਸਰਕਾਰੀ ਟੈਲੀਕਾਮ ਕੰਪਨੀ ਹੈ। ਅਫਗਾਨਿਸਤਾਨ ਦੇ ਲੋਕਾਂ ਨੇ ਇਸ ਨੂੰ ਕਦਮ ਨੂੰ ਗਲਤ ਤੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਵਟਸਐਪ ਤੇ ਟੈਲੀਗ੍ਰਾਮ 'ਤੇ ਪਾਬੰਦੀ ਦੇ ਕਾਰਨਾਂ ਦਾ ਸਾਫ-ਸਾਫ ਪਤਾ ਨਹੀਂ ਲੱਗ ਸਕਿਆ। ਟੈਲੀਕਾਮ 'ਤੇ ਕੰਟਰੋਲ ਰੱਖਣ ਵਾਲੀ ਸੰਸਥਾ ਨੇ ਦੱਸਿਆ ਕਿ ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ।

ਵਟਸਐਪ ਤੇ ਟੈਲੀਗ੍ਰਾਮ ਅਕਸਰ ਤਾਲਿਬਾਨ ਤੇ ਹੋਰ ਅੱਤਵਾਦੀ ਸਮੂਹਾਂ ਵੱਲੋਂ ਸਰਕਾਰੀ ਨਿਗਰਾਨੀ ਤੋਂ ਬਚਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਅਫਗਾਨਿਸਤਾਨ ਸਰਕਾਰ ਨੇ ਕਿਹਾ ਕਿ ਇਹ ਨਵੀਂ ਤਕਨੀਕ ਸ਼ੁਰੂ ਕਰਨ ਲਈ ਇਨ੍ਹਾਂ ਗਰੁੱਪਾਂ ਲਈ ਕੁਝ ਸਮੇਂ ਲਈ ਪਾਬੰਦੀ ਲਾਈ ਗਈ ਹੈ ਕਿਉਂਕਿ ਲੋਕਾਂ ਨੇ ਇਸ ਬਾਰੇ ਸ਼ਿਕਾਇਤਾਂ ਵੀ ਕੀਤੀਆਂ ਹਨ। ਪਿਛਲੇ ਮਹੀਨੇ ਵੀਡੀਓ, ਵਾਇਸ ਚੈਟ ਤੇ ਵਟਸਐਪ ਇਮੇਜ਼ ਨੂੰ ਬੰਦ ਕਰਨ ਤੋਂ ਬਾਅਦ ਚੀਨ ਨੇ ਵਟਸਐਪ 'ਤੇ ਮੈਸੇਜ ਭੇਜਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।