ਢਾਕਾ: ਬੰਗਲਾਦੇਸ਼ 'ਚ ਇਕ ਵਾਰ ਫਿਰ ਹਿੰਦੂ ਮੰਦਰ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸਥਿਤ ਇਸਕਾਨ (ISKCON) ਰਾਧਾਕਾਂਤਾ ਮੰਦਰ 'ਤੇ ਵੀਰਵਾਰ ਸ਼ਾਮ ਨੂੰ ਭੀੜ ਨੇ ਹਮਲਾ ਕਰ ਦਿੱਤਾ। ਹਮਲਾ ਕਰਕੇ ਭੰਨਤੋੜ ਕੀਤੀ ਗਈ ਅਤੇ ਭੀੜ ਨੇ ਇੱਥੇ ਰੱਖਿਆ ਕੀਮਤੀ ਸਮਾਨ ਵੀ ਲੁੱਟ ਲਿਆ। ਹਮਲੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਢਾਕਾ ਦੇ ਵਾਰੀ ਸਥਿਤ 222 ਲਾਲ ਮੋਹਨ ਸਾਹਾ ਸਟਰੀਟ ਸਥਿਤ ਇਸਕੋਨ ਰਾਧਾਕਾਂਤਾ ਮੰਦਰ 'ਚ ਸ਼ਾਮ 7 ਵਜੇ ਹੋਇਆ। ਇਹ ਹਮਲਾ ਹਾਜੀ ਸੈਫੁੱਲਾ ਦੀ ਅਗਵਾਈ ਵਿਚ 200 ਤੋਂ ਵੱਧ ਲੋਕਾਂ ਦੀ ਭੀੜ ਨੇ ਕੀਤਾ ਸੀ। ਮੰਦਰ ਨੂੰ ਤੋੜਿਆ ਗਿਆ ਅਤੇ ਲੁੱਟਿਆ ਗਿਆ। ਹਮਲੇ 'ਚ ਸੁਮੰਤਰਾ ਚੰਦਰ ਸ਼ਰਵਨ, ਨਿਹਾਰ ਹਲਦਰ, ਰਾਜੀਵ ਭਦਰਾ ਅਤੇ ਕਈ ਹੋਰ ਜ਼ਖਮੀ ਵੀ ਹੋਏ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੰਗਲਾਦੇਸ਼ ਵਿੱਚ ਕਿਸੇ ਹਿੰਦੂ ਮੰਦਰ 'ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵਰਾਤਰੀ 'ਤੇ ਹਿੰਦੂਆਂ ਖਿਲਾਫ ਅਫਵਾਹ ਫੈਲਾ ਕੇ ਦੁਰਗਾ ਪੂਜਾ ਪੰਡਾਲਾਂ 'ਤੇ ਹਮਲਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਹਿੰਦੂਆਂ ਦੇ ਘਰਾਂ 'ਤੇ ਵੀ ਹਮਲੇ ਕੀਤੇ ਗਏ। ਇਸ ਦੇ ਨਾਲ ਹੀ ਢਾਕਾ ਸਥਿਤ ਇਸਕੋਨ ਮੰਦਰ 'ਤੇ ਵੀ ਹਮਲਾ ਕੀਤਾ ਗਿਆ।

ਬੰਗਲਾਦੇਸ਼ 'ਚ 9 ਸਾਲਾਂ 'ਚ ਹਿੰਦੂਆਂ 'ਤੇ 3600 ਤੋਂ ਵੱਧ ਹਮਲੇ ਹੋਏ ਹਨਬੰਗਲਾਦੇਸ਼ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ 'ਤੇ ਕੰਮ ਕਰਨ ਵਾਲੀ ਸੰਸਥਾ ਏ.ਕੇ.ਐੱਸ. ਮੁਤਾਬਕ ਪਿਛਲੇ 9 ਸਾਲਾਂ 'ਚ ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ 3,679 ਹਮਲਿਆਂ ਦਾ ਸਾਹਮਣਾ ਕੀਤਾ ਗਿਆ।ਇਸ ਦੌਰਾਨ 1678 ਧਾਰਮਿਕ ਸਥਾਨਾਂ 'ਤੇ ਭੰਨਤੋੜ ਅਤੇ ਹਥਿਆਰਬੰਦ ਹਮਲਿਆਂ ਦੇ ਮਾਮਲੇ ਸਾਹਮਣੇ ਆਏ।ਇਸ ਤੋਂ ਇਲਾਵਾ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਘਰਾਂ ਵਿੱਚ ਭੰਨ-ਤੋੜ ਅਤੇ ਅੱਗਜ਼ਨੀ ਸਮੇਤ ਲਗਾਤਾਰ ਹਮਲੇ ਹੁੰਦੇ ਰਹੇ ਹਨ।