ਢਾਕਾ: ਬੰਗਲਾਦੇਸ਼ ਦੀ ਸਰਕਾਰੀ ਉਡਾਣ ਕੰਪਨੀ ਬਿਮਾਨ ਏਅਰਲਾਈਨਜ਼ ਦੇ ਦੁਬਈ ਨੂੰ ਜਾਣ ਵਾਲੇ ਜਹਾਜ਼ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸੁਰੱਖਿਆ ਦਸਤਿਆਂ ਨੇ ਅਗ਼ਵਾ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਪਰ ਜਹਾਜ਼ ਨੂੰ ਮੁਲਕ ਦੇ ਸਾਹਿਲੀ ਸ਼ਹਿਰ ਵਿੱਚ ਹੰਗਾਮੀ ਹਾਲਤ ਵਿੱਚ ਉਤਰਨਾ ਪਿਆ।
ਜਾਣਕਾਰੀ ਅਨੁਸਾਰ ਬਿਮਾਨ ਬੰਗਲਾਦੇਸ਼ ਏਅਰਲਾਈਨ ਦੀ ਉਡਾਣ ਬੀਜੀ-147 ਦੁਬਈ ਤੋਂ ਢਾਕਾ ਵਾਇਆ ਚੱਟੋਗ੍ਰਾਮ ਨੂੰ ਸ਼ਾਮ 5:40 ਵਜੇ ਦੇ ਕਰੀਬ ਚੱਟੋਗ੍ਰਾਮ ਹਵਾਈ ਅੱਡੇ ’ਤੇ ਐਮਰਜੈਂਸੀ ਹਾਲਤ ਵਿੱਚ ਉਤਰਨਾ ਪਿਆ। ਚਸ਼ਮਦੀਦਾਂ ਨੇ ਕਿਹਾ ਕਿ ਚੱਟੋਗ੍ਰਾਮ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਅੰਦਰ ਹੀ ਜਹਾਜ਼ ਵਾਪਸ ਮੁੜ ਆਇਆ ਤੇ ਐਮਰਜੈਂਸੀ ਲੈਂਡਿੰਗ ਕਰ ਦਿੱਤੀ। ਮੁਸਾਫ਼ਰ ਫ਼ੌਰੀ ਐਮਰਜੈਂਸੀ ਐਗਜ਼ਿਟ ਰਾਹੀਂ ਬਾਹਰ ਨਿਕਲ ਆਏ। ਕੈਪਟਨ ਤੇ ਉਡਾਣ ਦਾ ਪ੍ਰਥਮ ਅਧਿਕਾਰੀ ਵੀ ਮਗਰੋਂ ਬਾਹਰ ਆ ਗਏ।
ਫ਼ੌਜ ਦੇ ਮੇਜਰ ਜਨਰਲ ਮਤਿਉਰ ਰਹਿਮਾਨ ਨੇ ਦੱਸਿਆ ਕਿ ਜਹਾਜ਼ ਵਿੱਚ 148 ਮੁਸਾਫ਼ਰ ਸਵਾਰ ਸਨ, ਜਿਨ੍ਹਾਂ ਦੇ ਨਾਲ-ਨਾਲ ਪਾਇਲਟਾਂ ਤੇ ਚਾਲਕ ਦਲ ਦੇ ਮੈਂਬਰਾਂ ਤੇ ਹੋਰ ਅਮਲੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਅਗ਼ਵਾਕਾਰ ਦੀ ਸ਼ਨਾਖ਼ਤ ਬੰਗਾਲਾਦੇਸ਼ੀ ਨਾਗਰਿਕ ਮਹਾਦੀ ਵਜੋਂ ਹੋਈ ਹੈ।
ਕਮਾਂਡੋਆਂ ਨੇ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਮਨ੍ਹਾਂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਗੋਲ਼ੀ ਚਲਾਉਣੀ ਪਈ। ਅੱਠ ਮਿੰਟ ਤਕ ਚੱਲੀ ਗੋਲ਼ੀਬਾਰੀ ਵਿੱਚ ਹਾਈਜੈਕਰ ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਸ ਕੋਲੋਂ ਬੰਦੂਕ ਵੀ ਬਰਾਮਦ ਹੋਈ ਹੈ। ਰਹਿਮਾਨ ਮੁਤਾਬਕ ਅਗ਼ਵਾਕਾਰ ਲਗਾਤਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ।