ਬੰਗਲਾਦੇਸ਼ ਆਮ ਚੋਣਾਂ ਲਈ ਐਤਵਾਰ ਸਵੇਰ 8 ਵਜੇ ਮੱਤਦਾਨ ਸ਼ੁਰੂ ਹੋਇਆ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ ਹੋ ਗਿਆ। ਹਾਲਾਂਕਿ ਇਸ ਦਰਮਿਆਨ ਹੀ ਸਥਾਨਕ ਮੀਡੀਆ ਮੁਤਾਬਕ ਬੰਗਲਾਦੇਸ਼ 'ਚ ਅਵਾਮੀ ਲੀਗ ਤੇ ਬੀਐਨਪੀ ਸਮਰਥਕਾਂ ਵਿਚਾਲੇ ਝੜਪਾਂ 'ਚ 15 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।



ਵੋਟਿੰਗ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਫੌਜ ਦੇ ਹਜ਼ਾਰਾਂ ਜਵਾਨਾਂ ਸਮੇਤ ਛੇ ਲੱਖ ਤੋਂ ਜ਼ਿਆਦਾ ਸੁਰੱਖਿਆ ਕਰਮੀ, ਅਰਧ-ਸੈਨਿਕ ਬਲ ਤੇ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ। ਅਫ਼ਵਾਹਾਂ ਤੇ ਰੋਕ ਲਾਉਣ ਲਾਉਣ ਲਈ ਐਤਵਾਰ ਦੇਰ ਰਾਤ ਤੋਂ ਹੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।


ਜ਼ਿਕਰਯੋਗ ਹੈ ਕਿ ਪ੍ਰਮੁੱਖ ਵਿਰੋਧੀ ਨੇਤਾ 73 ਸਾਲਾ ਬੇਗਮ ਖ਼ਾਲਿਦਾ ਜੀਆ ਦੇ ਜੇਲ੍ਹ 'ਚ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ 71 ਸਾਲਾ ਸ਼ੇਖ ਹਸੀਨਾ ਚੌਥੀ ਵਾਰ ਦੇਸ਼ ਦੀ ਸੱਤਾ ਸੰਭਾਲਣਗੇ।